ਮੋਹਿਤ ਸ਼ਰਮਾ ਨੇ ਗੈਸ ਏਜੰਸੀ ਦੀ ਲੁੱਟ ਦਾ ਕੀਤਾ ਪਰਦਾਫਾਸ਼
ਨੌਜਵਾਨ ਕਾਰੋਬਾਰੀ ਮੋਹਿਤ ਸ਼ਰਮਾ ਨੇ ਗੈਸ ਏਜੰਸੀ ਦੀ ਲੁੱਟ ਦਾ ਕੀਤਾ ਪਰਦਾਫਾਸ਼
Publish Date: Fri, 27 Feb 2026 07:16 PM (IST)
Updated Date: Fri, 27 Feb 2026 07:19 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਅਤੇ ਵਧੇਰੇ ਰੇਟ ਵਸੂਲੀ ਦੇ ਮਾਮਲੇ ਨੇ ਤਪਸ਼ ਫੜ ਲਈ ਹੈ। ਆਮ ਆਦਮੀ ਪਾਰਟੀ ਦੇ ਯੂਥ ਆਗੂ ਮੋਹਿਤ ਸ਼ਰਮਾ ਨੇ ਨੂਰਪੁਰਬੇਦੀ ’ਚ ਸਥਿਤ ਇੱਕ ਨਾਮੀ ਗੈਸ ਏਜੰਸੀ ਖ਼ਿਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਲੋਂ ਉਪਭੋਗਤਾਵਾਂ ਨਾਲ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ। ਮੋਹਿਤ ਸ਼ਰਮਾ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਅਨੁਸਾਰ, ਉਨ੍ਹਾਂ ਨੇ ਬੀਤੇ ਦਿਨ ਨੂਰਪੁਰਬੇਦੀ ਵਿਚ ਸਿਲੰਡਰ ਵੰਡ ਰਹੀ ਗੱਡੀ ਨੂੰ ਰੋਕ ਕੇ ਕਰਿੰਦੇ ਕੋਲੋਂ ਰੇਟ ਬਾਰੇ ਪੁੱਛਿਆ। ਦੋਸ਼ ਹੈ ਕਿ ਪਹਿਲਾਂ ਕਰਿੰਦੇ ਨੇ 2000 ਰੁਪਏ ਦੱਸੇ, ਫਿਰ ਕਿਹਾ ਕਿ “ਬਿਨ੍ਹਾਂ ਕਾਪੀ” 950 ਰੁਪਏ ਅਤੇ “ਕਾਪੀ ਨਾਲ” 900 ਰੁਪਏ ਲਏ ਜਾਂਦੇ ਹਨ। ਇਹ ਗੱਲ ਸੁਣ ਕੇ ਮੋਹਿਤ ਸ਼ਰਮਾ ਨੇ ਇਸ ਨੂੰ ਸਾਫ਼ ਤੌਰ ‘ਤੇ ਉਪਭੋਗਤਾਵਾਂ ਨਾਲ ਧੋਖਾਧੜੀ ਕਰਾਰ ਦਿੱਤਾ। ਵੀਡੀਓ ਬਣਾਉਣ ਦੌਰਾਨ ਕਰਿੰਦਿਆਂ ਵੱਲੋਂ ਤਕਰਾਰ ਅਤੇ ਬਹਿਸਬਾਜ਼ੀ ਵੀ ਕੀਤੀ ਗਈ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ। ਮੋਹਿਤ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ “ਅੰਨੀ ਲੁੱਟ” ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਵੀ ਇਹੀ ਰਵੱਈਆ ਜਾਰੀ ਰਿਹਾ ਤਾਂ ਏਜੰਸੀ ਦੇ ਬਾਹਰ ਧਰਨਾ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਮਾਮਲਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ। ਵਿਧਾਇਕ ਚੱਢਾ ਨੇ ਸੰਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਅਸੀਂ ਹੋਰ ਗੈਸ ਏਜੰਸੀ ਨੂੰ ਸਿਲੰਡਰ ਦੇ ਰੇਟ ਸਬੰਧੀ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗੋਦਾਮ ਦਾ ਰੇਟ 862 ਅਤੇ ਘਰ ਜਾ ਕੇ ਸਿਲੰਡਰ ਪਹੁੰਚਾਉਣ ਦਾ ਰੇਟ 870 ਰੁਪਏ ਹੈ। ਜਦੋਂ ਇਸ ਸਬੰਧੀ ਏਜੰਸੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਕਰਿੰਦੇ ਬਾਹਰ ਕੀ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਕਰਿੰਦਾ ਵੱਧ ਪੈਸੇ ਵਸੂਲਦਾ ਹੈ ਤਾਂ ਲੋਕ ਉਸ ਦੇ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿਚ ਕੁਝ ਪ੍ਰਾਈਵੇਟ ਤੱਤ ਵੀ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਵਿਚ ਕੁਝ ਪ੍ਰਾਈਵੇਟ ਵਿਅਕਤੀ ਗੈਸ ਏਜੰਸੀਆਂ ਤੋਂ ਸਿਲੰਡਰ ਹਾਸਲ ਕਰਕੇ ਜੁਗਾੜੂ ਰੇਹੜੀਆਂ ਜਾਂ ਹੋਰ ਵਾਹਨਾਂ ‘ਤੇ ਲੱਦ ਕੇ ਵੱਖ-ਵੱਖ ਥਾਵਾਂ ‘ਤੇ ਮਹਿੰਗੇ ਰੇਟਾਂ ‘ਤੇ ਵੇਚ ਰਹੇ ਹਨ। ਇਨ੍ਹਾਂ ਦਿਨਾਂ ਸਿਲੰਡਰਾਂ ਦੀ ਕਮੀ ਕਾਰਨ ਆਮ ਲੋਕ ਮਜਬੂਰੀ ਵਿਚ ਵੱਧ ਕੀਮਤ ਦੇ ਕੇ ਸਿਲੰਡਰ ਖਰੀਦ ਰਹੇ ਹਨ। ਇਹ ਸਾਰਾ ਗੈਰਕਾਨੂੰਨੀ ਜਾਲ ਪ੍ਰਸ਼ਾਸਨ ਦੀ ਨਿਗਰਾਨੀ ‘ਤੇ ਵੀ ਸਵਾਲ ਖੜੇ ਕਰਦਾ ਹੈ। ਬਾਕਸ ਇਨ: ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਏਜੰਸੀ ਖ਼ਿਲਾਫ਼ ਪਹਿਲਾਂ ਵੀ ਇੱਕ ਸ਼ਿਕਾਇਤ ਮਿਲੀ ਸੀ, ਜਿਸ ਉਪਰੰਤ ਸੇਲਜ਼ ਅਧਿਕਾਰੀ ਨਾਲ ਮਿਲ ਕੇ ਜਾਂਚ ਕੀਤੀ ਗਈ ਅਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਗਈ। ਹੁਣ ਮੋਹਿਤ ਸ਼ਰਮਾ ਵੱਲੋਂ ਦਿੱਤੀ ਗਈ ਤਾਜ਼ਾ ਸ਼ਿਕਾਇਤ ਦੇ ਆਧਾਰ ‘ਤੇ ਵੀ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਪੂਰੇ ਮਾਮਲੇ ਨੇ ਨੂਰਪੁਰਬੇਦੀ ਵਿਚ ਗੈਸ ਸਪਲਾਈ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਇਹ ਸਿਰਫ਼ ਇਕ ਏਜੰਸੀ ਦਾ ਮਾਮਲਾ ਨਹੀਂ, ਸਗੋਂ ਪੂਰੇ ਇਲਾਕੇ ਵਿਚ ਫੈਲੀ ਕਾਲਾਬਾਜ਼ਾਰੀ ਦੇ ਜਾਲ ਦੀ ਪੋਲ ਖੋਲ੍ਹ ਸਕਦਾ ਹੈ। ਹੁਣ ਨਿਗਾਹਾਂ ਪ੍ਰਸ਼ਾਸਨਿਕ ਕਾਰਵਾਈ ‘ਤੇ ਟਿਕੀਆਂ ਹਨ ਕਿ ਆਖ਼ਰ ਉਪਭੋਗਤਾਵਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ।