ਅਰਸ਼ਦੀਪ ਦੀ ਯਾਦ ’ਚ ਭਲਕੇ ਖੂਨਦਾਨ ਕੈਂਪ
ਅਰਸ਼ਦੀਪ ਦੀ ਯਾਦ ਵਿਚ ਭਲਕੇ ਵਿਸ਼ਾਲ ਖੂਨਦਾਨ ਕੈਂਪ
Publish Date: Fri, 27 Feb 2026 05:30 PM (IST)
Updated Date: Fri, 27 Feb 2026 05:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਪਿੰਡ ਕਾਂਗੜ ਦੇ 19 ਸਾਲਾ ਨੌਜਵਾਨ ਅਰਸ਼ਦੀਪ ਦੀ ਪਵਿੱਤਰ ਯਾਦ ਵਿਚ ਭਲਕੇ ਐਤਵਾਰ, 1 ਮਾਰਚ ਨੂੰ ਸਲਾਨਾ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਅਰਸ਼ਦੀਪ ਨੇ ਭਾਵੇਂ ਸੜਕ ਹਾਦਸੇ ਵਿਚ ਆਪਣੀ ਜਾਨ ਗਵਾ ਦਿੱਤੀ ਸੀ, ਪਰ ਉਸ ਦੇ ਪਰਿਵਾਰ ਵੱਲੋਂ ਲਏ ਗਏ ਮਨੁੱਖਤਾ ਭਰੇ ਫੈਸਲੇ ਨੇ ਛੇ ਹੋਰ ਜਿੰਦਗੀਆਂ ਨੂੰ ਨਵੀਂ ਸਾਹ ਦਿੱਤੀ। ਅਰਸ਼ਦੀਪ ਦੇ ਪਿਤਾ ਸੂਬੇਦਾਰ ਨਰੇਸ਼ ਕੁਮਾਰ ਨੇ ਆਪਣੇ ਪੁੱਤਰ ਦੇ ਛੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਭਾਰਤੀ ਫੌਜ ਨਾਲ ਸੰਬੰਧਿਤ ਛੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਕੀਮਤੀ ਜਾਨਾਂ ਬਚ ਸਕੀਆਂ। ਇਹ ਮਨੁੱਖਤਾ ਦਾ ਵਿਲੱਖਣ ਉਦਾਹਰਨ ਬਣਿਆ ਅਤੇ ਅੱਜ ਵੀ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਕੈਂਪ ਦੌਰਾਨ ਭਾਰਤੀ ਫੌਜ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ। ਕਮਾਂਡ ਹਸਪਤਾਲ ਡੰਡੀ ਮੰਦਰ ਦੀ ਮਾਹਿਰ ਟੀਮ ਖੂਨਦਾਨੀਆਂ ਤੋਂ ਖੂਨ ਇਕੱਤਰ ਕਰੇਗੀ, ਜਦਕਿ ਪੀਜੀਆਈ ਚੰਡੀਗੜ੍ਹ ਦੀ ਅੰਗਦਾਨ ਜਾਗਰੂਕਤਾ ਟੀਮ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਵੇਗੀ। ਸੂਬੇਦਾਰ ਨਰੇਸ਼ ਕੁਮਾਰ ਨੇ ਭਾਵੁਕ ਹੋ ਕੇ ਕਿਹਾ, “ਅੱਜ ਵੀ ਮੇਰੇ ਪੁੱਤਰ ਦੇ ਅੰਗ ਛੇ ਜਿੰਦਗੀਆਂ ਦੇ ਸ਼ਰੀਰਾਂ ਵਿਚ ਧੜਕ ਰਹੇ ਹਨ। ਇਹੀ ਮੇਰੇ ਲਈ ਸਭ ਤੋਂ ਵੱਡੀ ਤਸੱਲੀ ਹੈ।” ਇਹ ਖੂਨਦਾਨ ਕੈਂਪ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਮਨੁੱਖਤਾ, ਸੇਵਾ ਅਤੇ ਬਲਿਦਾਨ ਦੀ ਜੀਵੰਤ ਮਿਸਾਲ ਬਣਨ ਜਾ ਰਿਹਾ ਹੈ, ਜਿਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਲਾਈ ਦੇ ਕੰਮਾਂ ਵੱਲ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ। ਦੱਸਣ ਯੋਗ ਹੈ ਕਿ ਭਾਰਤੀ ਫੌਜ ਦੀ ਕਮਾਂਡ ਚੰਡੀ ਮੰਦਰ ਦੀ ਮੈਡੀਕਲ ਟੀਮ ਇਲਾਕੇ ਵਿਚ ਸਿਰਫ ਇਸੇ ਕੈਂਪ ਨੂੰ ਲਗਾਉਣ ਲਈ ਆਉਂਦੀ ਹੈ ਜਿਸ ਨੂੰ ਭਾਰਤੀ ਫੌਜ ਦੇ ਪਰਿਵਾਰ ਨੌਜਵਾਨ ਅਰਸ਼ਦੀਪ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਵੱਡੇ ਉਦਮ ’ਤੇ ਉਪਰਾਲੇ ਨੂੰ ਦਿੱਤੇ ਜਾ ਰਹੇ ਸਤਿਕਾਰ ਵੱਲੋਂ ਦੇਖਦੇ ਹਨ। ਇਸ ਕੈਂਪ ਦੇ ਪ੍ਰਬੰਧ ਵਿਚ ਪ੍ਰਧਾਨ ਮਲਕੀਤ ਧੀਮਾਨ ਗੁਰਮੇਲ ਚੰਦ ਭਜਨ ਲਾਲ ਕਾਂਗੜ ਬਲਵੀਰ ਚੰਦ ਤਰਸੇਮ ਲਾਲ ਧੀਮਾਨ ਰਕੇਸ਼ ਤਿਮਾਨ ’ਤੇ ਸਮੂਹ ਨਗਰ ਨਿਵਾਸੀ ਅਤੇ ਸਾਰੇ ਨੌਜਵਾਨ ਸ਼ਾਮਿਲ ਹਨ।