ਝਾੜੀਆਂ ’ਚੋਂ ਮਿਲਿਆ ਧਾਰਮਿਕ ਸਥਾਨ ਦਾ ਦਾਨ ਪਾਤਰ
ਆਖਿਰ ਝਾੜੀਆਂ ਚ ਪਿਆ ਇਹ ਦਾਨ ਪਾਤਰ ਕਿਸ ਧਾਰਮਿਕ ਸਥਾਨ ਦਾ ਹੈ..?
Publish Date: Thu, 26 Feb 2026 05:24 PM (IST)
Updated Date: Thu, 26 Feb 2026 05:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਤਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਠੱਗੀ ਦੀਆਂ ਘਟਨਾਵਾਂ ਦਰਮਿਆਨ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੁੱਖੇਮਾਜਰਾ ਦੀ ਹੱਦਬਸਤ ਵਿੱਚ, ਪਿੰਡ ਬੱਗੂਵਾਲ ਵੱਲ ਜਾਂਦੇ ਬਾਹਰੀ ਪਾਸੇ ਸੜਕ ਕਿਨਾਰੇ ਝਾੜੀਆਂ ਵਿੱਚ ਕਾਲੇ ਰੰਗ ਦਾ ਦਾਨ ਪਾਤਰ ਲਾਵਾਰਿਸ ਹਾਲਤ ਵਿੱਚ ਪਿਆ ਮਿਲਿਆ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਚਰਚਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਥਾਨਕ ਵਸਨੀਕ ਹਰਮੇਸ਼ ਚੰਦ ਉਰਫ਼ ਸਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਬੀਤੇ ਦਿਨ ਇਸ ਥਾਂ ‘ਤੇ ਇਹ ਦਾਨ ਪਾਤਰ ਪਿਆ ਦੇਖਿਆ ਸੀ। ਪਹਿਲਾਂ ਉਸਨੇ ਸੋਚਿਆ ਕਿ ਸ਼ਾਇਦ ਕਿਸੇ ਵੱਲੋਂ ਅਸਥਾਈ ਤੌਰ ‘ਤੇ ਰੱਖਿਆ ਗਿਆ ਹੋਵੇ, ਪਰ ਦੂਜੇ ਦਿਨ ਵੀ ਦਾਨ ਪਾਤਰ ਉਥੇ ਹੀ ਪਿਆ ਰਹਿਣ ਕਾਰਨ ਸ਼ੱਕ ਹੋਰ ਗਹਿਰਾ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਧਾਰਮਿਕ ਸਥਾਨ ‘ਤੇ ਸੰਭਾਵਿਤ ਚੋਰੀ ਵੱਲ ਇਸ਼ਾਰਾ ਕਰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਪਿੰਡਾਂ ਦੇ ਨੇੜੇ ਸਥਿਤ ਧਾਰਮਿਕ ਸਥਾਨ ਬਾਬਾ ਸਿੱਧ ਚਾਨੋ ਵਿਖੇ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸ ਤਾਜ਼ਾ ਘਟਨਾ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹ ਦਾਨ ਪਾਤਰ ਕਿਸ ਧਾਰਮਿਕ ਸਥਾਨ ਨਾਲ ਸੰਬੰਧਿਤ ਹੈ ਅਤੇ ਇਸਨੂੰ ਇੱਥੇ ਕਦੋਂ ਤੇ ਕਿਵੇਂ ਲਿਆ ਕੇ ਸੁੱਟਿਆ ਗਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।