ਲੋਕ ਅਗਵਾਈ ’ਚ ਸੜਕ ਬਣਾਉਣ ਦਾ ਕੰਮ ਸ਼ੁਰੂ
ਲੋਕ ਅਗਵਾਈ ਚ ਨੂਰਪੁਰਬੇਦੀ ਬਲਾਚੌਰ ਮੁੱਖ ਮਾਰਗ ਤੋਂ ਕਰਤਾਰਪੁਰ ਸੜਕ ਬਣਾਉਣ ਦਾ ਕੰਮ ਸ਼ੁਰੂ
Publish Date: Thu, 26 Feb 2026 05:20 PM (IST)
Updated Date: Thu, 26 Feb 2026 05:22 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਹਲਕਾ ਰੂਪਨਗਰ ਦੀਆਂ ਸਾਰੀਆਂ ਸੜਕਾਂ ਨੂੰ ਨਵਿਆਉਣ ਸੰਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਲੋਕ ਅਗਵਾਈ ਚ ਨੂਰਪੁਰਬੇਦੀ ਬਲਾਚੌਰ ਮੁੱਖ ਮਾਰਗ ਤੋਂ ਗੁਰਸੇਮਾਜਰਾ ਤੇ ਕਰਤਾਰਪੁਰ ਨੂੰ ਜਾਣ ਵਾਲੀ ਸੜਕ ਦਾ ਕੰਮ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਚ ਆਰੰਭ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਚੱਢਾ ਨੇ ਪਿੰਡ ਦੇ ਹੀ ਪਤਵੰਤਿਆਂ ਤੋਂ ਟੱਕ ਲਗਵਾ ਕੇ ਇਸ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਤੇ ਬੀਤੇ ਦਹਾਕਿਆਂ ਤੋਂ ਲੁੱਕ ਇੱਕ ਬੂੰਦ ਤੱਕ ਨਹੀਂ ਪਈ। ਜਿਸ ਕਰ ਇਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ। ਜਿਸ ਦੇ ਸਿੱਟੇ ਵਜੋਂ ਲੋਕਾਂ ਨੂੰ ਆਏ ਦਿਨ ਮੁਸੀਬਤਾਂ ਨਾਲ ਦੋ ਚਾਰ ਹੋਣਾ ਪੈਂਦਾ ਸੀ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਨਾ ਕੇਵਲ ਨਵੇਂ ਸਿਰੇ ਤੋਂ ਬਣਾਈਆਂ ਜਾ ਰਹੀਆਂ ਹਨ ,ਬਲਕਿ ਉਹਨਾਂ ਨੂੰ ਪਹਿਲਾਂ ਨਾਲੋਂ ਜਿਆਦਾ ਮਜਬੂਤ ਟਿਕਾਊ ਤੇ ਚੋੜਾ ਕਰਕੇ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਸ 2.80 ਕਿਲੋਮੀਟਰ ਸੜਕ ਤੇ ਲਗਭਗ 43 ਲੱਖ ਰੁਪਏ ਦਾ ਖਰਚ ਆਵੇਗਾ। ਚੱਡਾ ਨੇ ਕਿਹਾ ਕਿ ਹੁਣ ਪਹਿਲੀਆਂ ਸਰਕਾਰਾਂ ਵਾਲਾ ਕੰਮ ਨਹੀਂ ਕਿ ਅਗਰ ਸੜਕ ਬਣਾ ਦਿੱਤੀ ਤਾਂ ਉਸ ਨੂੰ ਮੁੜ ਕੇ ਦੇਖਣਾ ਨਹੀਂ। ਬਲਕਿ ਹੁਣ ਸਾਡੀ ਸਰਕਾਰ ਚ ਇਹ ਨਿਯਮ ਤੈਅ ਕੀਤਾ ਗਿਆ ਹੈ ਕਿ ਜੋ ਠੇਕੇਦਾਰ ਸੜਕ ਬਣਾਵੇਗਾ ਪੰਜ ਸਾਲ ਤੱਕ ਉਸਦੀ ਮੁਰੰਮਤ ਦੀ ਜਿੰਮੇਦਾਰੀ ਵੀ ਉਸਦੀ ਹੀ ਹੋਵੇਗੀ ਅਤੇ ਸਰਕਾਰ ਵੱਲੋਂ ਪੰਜ ਸਾਲ ਦੀ ਮੁਰੰਮਤ ਦੇ ਪੈਸੇ ਵੀ ਪਹਿਲਾਂ ਹੀ ਉਹਨਾਂ ਨੂੰ ਦਿੱਤੇ ਗਏ ਹਨ। ਇਸ ਦੌਰਾਨ ਹਾਜ਼ਰ ਹੋਏ ਵੱਡੀ ਗਿਣਤੀ ਚ ਪਿੰਡ ਵਾਸੀਆਂ ਦੇ ਚਿਹਰੇ ਤੇ ਖੁਸ਼ੀ ਭਰਿਆ ਮਾਹੌਲ ਸੀ ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਇਸ ਸੜਕ ਨੂੰ ਬਣਾਉਣ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਸਭ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਹੋਇਆਂ ਉਹਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਚਮਨ ਭਾਟੀਆ, ਸ਼ਾਮ ਕਿਸਾਨਾ, ਮਹਿੰਦਰ ਕਿਸਾਨਾ, ਸਰਪੰਚ ਹੁਸਨ ਚੌਧਰੀ, ਮਹਿੰਦਰ ਭੂੰਬਲਾ, ਰਾਮ ਸ਼ਾਹ ਕਿਸਾਨਾ, ਸ਼ਿੰਦਰ ਕਿਸਾਨਾ, ਓਮ ਪ੍ਰਕਾਸ਼ ਭਾਟੀਆ, ਭਿੰਦਾ ਭਾਟੀਆ, ਅਸ਼ੋਕ ਕਿਸਾਨਾ, ਕਮਲ ਭੂੰਬਲਾ, ਕੁਲਦੀਪ ਜੱਟ, ਸੁੱਖੀ ਸਰਪੰਚ, ਲਾਲਾ ਭਾਟੀਆ, ਕੇਸ਼ੀ ਚੌਹਾਨ, ਭਜਨ ਭਾਟੀਆ, ਗੁਰਨਾਮ ਭਾਟੀਆ, ਬਲਵੀਰ ਖੇਪੜ, ਪੋਲਾ ਕਿਸਾਨਾ, ਬਲਵੰਤ ਸਿੰਘ ਸੂਬੇਦਾਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।