ਡੀਸੀ ਤੇ ਐੱਸਐੱਸਪੀ ਵੱਲੋਂ ਗਿਆਨੀ ਗੜ੍ਹਗੱਜ ਨਾਲ ਮੁਲਾਕਾਤ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨਾਲ ਕੀਤੀ ਮੁਲਾਕਾਤ
Publish Date: Thu, 26 Feb 2026 03:55 PM (IST)
Updated Date: Thu, 26 Feb 2026 03:58 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਸਬੰਧੀ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਐਸ.ਐਸ.ਪੀ ਮਨਿੰਦਰ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਆਪਸੀ ਤਾਲਮੇਲ ਤੇ ਜ਼ੋਰ ਦਿੱਤਾ। ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਮੈਨੇਜਰ ਮਲਕੀਤ ਸਿੰਘ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ, ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਅਤੇ ਸੂਚਨਾ ਅਫਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਵਿਭਾਗੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਫ਼ਾਈ, ਪੀਣ ਵਾਲੇ ਪਾਣੀ, ਸਿਹਤ ਸੇਵਾਵਾਂ, ਟ੍ਰੈਫਿਕ ਪ੍ਰਬੰਧ, ਪਾਰਕਿੰਗ ਅਤੇ ਐਮਰਜੈਂਸੀ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਤੋਂ ਪਰਹੇਜ਼, ਹੁੱਲੜਬਾਜੀ ਰੋਕਣ, ਵਾਹਨਾਂ ਤੇ ਸਟੰਟਬਾਜ਼ੀ ਨਾ ਕਰਨ ਅਤੇ ਲੰਗਰਾਂ ਵਿੱਚ ਮਿਆਰੀ ਪਦਾਰਥਾਂ ਦੀ ਵਰਤੋਂ ਸਬੰਧੀ ਕੀਤੀਆਂ ਅਪੀਲਾਂ ਦਾ ਜ਼ਮੀਨੀ ਪੱਧਰ ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਨੇ ਗਰੀਨ ਹੋਲਾ ਮਹੱਲਾ ਮਨਾਉਣ ਲਈ ਸਭ ਵਰਗਾਂ ਦੇ ਸਹਿਯੋਗ ਦੀ ਅਪੀਲ ਵੀ ਕੀਤੀ। ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਕੀਤੇ ਗਏ ਹਨ। ਵੱਖ-ਵੱਖ ਸਥਾਨਾਂ ਤੇ ਨਾਕੇ ਅਤੇ ਚੌਕੀਆਂ ਕਾਇਮ ਕੀਤੀਆਂ ਗਈਆਂ ਹਨ ਅਤੇ ਪੁਲਿਸ ਕਰਮਚਾਰੀ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਮਾਪਤੀ ਤੱਕ ਟ੍ਰੈਫਿਕ ਪ੍ਰਬੰਧ ਸੁਚਾਰੂ ਰੱਖਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਨਾਕਿਆਂ ਤੇ ਤੈਨਾਤ ਕਰਮਚਾਰੀ ਸ਼ਰਧਾਲੂਆਂ ਨੂੰ ਰਾਹਨੁਮਾਈ ਅਤੇ ਲੋੜ ਅਨੁਸਾਰ ਮਦਦ ਪ੍ਰਦਾਨ ਕਰਨਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸੰਗਤਾਂ ਨਾਲ ਨਰਮ ਰਵੱਈਆ ਅਪਣਾਇਆ ਜਾਵੇ ਅਤੇ ਇਸ ਪਵਿੱਤਰ ਤਿਉਹਾਰ ਦੌਰਾਨ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਆਵੇ, ਇਸ ਲਈ ਪੁਖਤਾ ਇੰਤਜ਼ਾਮ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਧਾਰਮਿਕ ਮਰਯਾਦਾ ਅਤੇ ਸਾਫ-ਸੁਥਰੇ ਵਾਤਾਵਰਣ ਦੀ ਰੱਖਿਆ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਮੀਟਿੰਗ ਦੌਰਾਨ ਸਮੂਹ ਪੱਖਾਂ ਵੱਲੋਂ ਰਲ ਮਿਲ ਕੇ ਕੀਤੀ ਜਾ ਰਹੀ ਸੇਵਾ ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਬੰਧ ਕਰਨ ਲਈ ਸਾਂਝੇ ਯਤਨਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।