ਨਗਰ ਕੌਂਸਲ ਦੀ ਤਹਿਬਜ਼ਾਰੀ 76.30 ਲੱਖ ’ਚ ਹੋਈ ਮੁਕੰਮਲ
ਨਗਰ ਕੌਂਸਲ ਦੀ ਤਹਿਬਜ਼ਾਰੀ 76 ਲੱਖ 30 ਹਜ਼ਾਰ ਚ ਹੋਈ ਮੁਕੰਮਲ
Publish Date: Wed, 25 Feb 2026 05:49 PM (IST)
Updated Date: Wed, 25 Feb 2026 05:52 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਏ ਕਲਾਸ ਨਗਰ ਕੌਂਸਲ ਦੀ ਤਹਿਬਜ਼ਾਰੀ ਦੀ ਬੋਲੀ 76 ਲੱਖ30 ਹਜਾਰ ਰੁਪਏ ਵਿੱਚ ਮੁਕੰਮਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਇਸ ਵਾਰ ਤਹਿਬਜ਼ਾਰੀ ਫੀਸ ਦੀ ਕੁੱਲ ਬੋਲੀ 76 ਲੱਖ 30 ਹਜ਼ਾਰ ਰੁਪਏ ਰਹੀ। ਇਸ ਵਿੱਚ ਠੇਕੇਦਾਰ ਕੁਲਵੰਤ ਸਿੰਘ ਵੱਲੋਂ 40 ਲੱਖ 5 ਹਜ਼ਾਰ ਰੁਪਏ ਅਤੇ ਅਸ਼ੋਕ ਕੁਮਾਰ ਵੱਲੋਂ 36 ਲੱਖ 25 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ, ਜਿਸਨੂੰ ਸਰਬ-ਸੰਮਤੀ ਨਾਲ ਮਨਜ਼ੂਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਨਗਰ ਕੌਂਸਲ ਨੂੰ ਹੋਲੇ ਮਹੱਲੇ ਦੌਰਾਨ ਵੱਖ-ਵੱਖ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਵਿੱਚ ਮਦਦ ਮਿਲੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਟੈਕਸ ਇੰਸਪੈਕਟਰ ਗੁਰਦੇਵ ਸਿੰਘ ਬਹਿਲੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਦਿਆਂ ਪ੍ਰਿਅੰਕਾ ਸ਼ਰਮਾ ਜੇ.ਈ. ਵੀ ਮੌਜੂਦ ਰਹੇ। ਨਗਰ ਕੌਂਸਲ ਪ੍ਰਧਾਨ ਨੇ ਹੋਰ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਮੁੱਖ ਪੁਆਇੰਟਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਰੀਬ 33 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਸ਼ਹਿਰ ਵਿੱਚ ਹੋ ਰਹੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਅਤੇ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਵੱਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਨਾਲ ਹੀ ਗਲੀ-ਮੁਹੱਲਿਆਂ ਵਿੱਚ ਰੋਸ਼ਨੀ ਦੇ ਪ੍ਰਬੰਧ, ਟ੍ਰੈਫ਼ਿਕ ਪ੍ਰਬੰਧਨ, ਪਾਣੀ ਦੀ ਉਪਲਬਧਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਸਮੇਤ ਗੁਰਦੇਵ ਸਿੰਘ ਬਹਿਲੂ, ਸੁਖਦੀਪ ਕੌਰ, ਰਮੇਸ਼ਵਰ ਸੋਨੀ, ਦਮਨਪ੍ਰੀਤ ਸਿੰਘ, ਜਾਗਰ ਸਿੰਘ, ਵਿਵੇਕ ਸ਼ਰਮਾ, ਕੇ. ਸ਼ਿਵ ਕੁਮਾਰ, ਸ਼ੈਲੀ ਅਰੋੜਾ, ਰਾਜਦੀਪ ਕੁਮਾਰ, ਅਸ਼ੋਕ ਕੁਮਾਰ ਅਤੇ ਕੁਲਵੰਤ ਸਿੰਘ ਹਾਜ਼ਰ ਸਨ।