ਸ਼ਰਧਾਲੂਆਂ ਲਈ ਬਣ ਰਹੀ ਟਰਾਲੀ ਸਿਟੀ ਨਿਵੇਕਲਾ ਉਪਰਾਲਾ
ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਬਣ ਰਹੀ ਟਰਾਲੀ ਸਿਟੀ ਇੱਕ ਨਿਵੇਕਲਾ ਉਪਰਾਲਾ
Publish Date: Wed, 25 Feb 2026 04:55 PM (IST)
Updated Date: Wed, 25 Feb 2026 04:58 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਲੱਖਾਂ ਸੰਗਤਾਂ ਲਈ ਦੇ ਟਰੈਕਟਰ-ਟਰਾਲੀਆਂ ਦੇ ਠਹਿਰਾਓ ਲਈ ਇਸ ਵਾਰ ਸਰਕਾਰ ਨੇ ਟਰਾਲੀ ਸਿਟੀ ਦੀ ਵਿਸੇਸ਼ ਵਿਵਸਥਾ ਕੀਤੀ ਹੈ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਮੇਲਾ ਪ੍ਰਬੰਧਾਂ ਤੇ ਨਿਰੰਤਰ ਨਜ਼ਰ ਰੱਖ ਰਹੇ ਹਨ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਵੱਲੋਂ ਅਧਿਕਾਰੀਆਂ ਨੂੰ ਹੋਲਾ ਮਹੱਲਾ ਦੌਰਾਨ ਸੇਵਾ ਦੀ ਭਾਵਨਾ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਵੱਲੋਂ ਮੇਲਾ ਖੇਤਰ ਦੇ ਹਰ ਸੈਕਟਰ ਵਿੱਚ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ, ਜਿੱਥੇ ਸਮੁੱਚੇ ਮੇਲਾ ਖੇਤਰ ਨੂੰ ਸਾਫ ਸਫਾਈ ਨਾਲ ਲਿਸ਼ਕਾਇਆ ਜਾ ਰਿਹਾ ਹੈ ਅਤੇ ਹਰ ਕੋਨੇ ਤੱਕ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ। ਸੈਕਟਰਾਂ ਵਿਚ ਮੇਲਾ ਖੇਤਰ ਨੂੰ ਵੰਡ ਕੇ ਹਰ ਸੈਕਟਰ ਵਿੱਚ ਐਮਬੂਲੈਂਸ, ਸਿਹਤ ਸੇਵਾਵਾਂ, ਪੀਣ ਵਾਲਾ ਪਾਣੀ, ਪਖਾਨੇ ਆਦਿ ਦੀ ਵਿਵਸਥਾ ਕੀਤੀ ਗਈ ਹੈ। ਢੁਕਵੀਆਂ ਥਾਵਾਂ ਤੇ ਵੱਡੀਆ ਐਲ.ਈ.ਡੀ ਸਕਰੀਨ ਲਗਾ ਕੇ ਮੇਲਾ ਖੇਤਰ ਅਤੇ ਆਲੇ ਦੁਆਲੇ ਦੇ ਹੋਰ ਧਾਰਮਿਕ ਅਸਥਾਨਾਂ ਦੀ ਜਾਣਕਾਰੀ ਸ਼ਰਧਾਲੂਆਂ ਨੂੰ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸੀ.ਸੀ.ਟੀ.ਵੀ ਕੈਮਰੇ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖਣਗੇ। ਦੋ ਥਾਵਾਂ ਤੇ ਟਰਾਲੀ ਸਿਟੀ ਬਣਾਈ ਜਾ ਰਹੀ ਹੈ, ਸਾਢੇ ਪੰਜ ਏਕੜ ਵਿਚ ਝਿੰਜੜੀ ਅਤੇ ਚਰਨ ਗੰਗਾ ਖੱਡ ਵਿੱਚ ਟਰਾਲੀ ਸਿਟੀ ਬਣਾਈ ਜਾ ਰਹੀ ਹੈ। ਇਸ ਵਾਰ ਸਰਕਾਰ ਵੱਲੋਂ ਹੋਲਾ ਮਹੱਲਾ ਪ੍ਰਦੂਸ਼ਣ ਮੁਕਤ ਮਨਾਉਣ ਅਤੇ ਗਰੀਨ ਹੋਲਾ ਮਹੱਲਾ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਮਨਾਹੀ ਕੀਤੀ ਗਈ ਹੈ। ਧਾਰਮਿਕ ਸਖਸ਼ੀਅਤਾਂ, ਲੰਗਰ ਕਮੇਟੀਆਂ, ਦੁਕਾਨਦਾਰਾਂ ਨੂੰ ਇਸ ਦੀ ਵਰਤੋਂ ਨਾ ਕਰਨ ਅਤੇ ਕੂੜਾ ਪ੍ਰਬੰਧਨ ਕਰਨ ਦੇ ਲਈ ਅਪੀਲ ਕੀਤੀ ਗਈ ਹੈ। ਸ਼ਟਲ ਬੱਸ ਸਰਵਿਸ, ਈ-ਰਿਕਸ਼ਾ ਦਾ ਪ੍ਰਬੰਧ ਸ਼ਰਧਾਲੂਆਂ ਨੂੰ ਮੁਫਤ ਵਿੱਚ ਮੇਲਾ ਖੇਤਰ ਵਿੱਚ ਲਿਜਾਣ ਅਤੇ ਛੱਡਣ ਲਈ ਕੀਤਾ ਗਿਆ ਹੈ। 24/7 ਕੰਟਰੋਲ ਰੂਮ ਅਤੇ ਹੈਲਪ ਡੈਸਕ ਸਥਾਪਿਤ ਹੋਣਗੇ। ਭਲਕੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ 27 ਫਰਵਰੀ ਤੋ ਸੁਰੂ ਹੋਣ ਵਾਲੇ ਹੋਲਾ ਮਹੱਲਾ ਦੇ ਪ੍ਰਬੰਧਾਂ ਬਾਰੇ ਸਮੀਖਿਆ ਕਰਨਗੇ।