ਮਾਈਨਿੰਗ ਦੇ ਮੁੱਦੇ ’ਤੇ ਡਾਕਟਰ ਚੀਮਾ ਨੇ ਸਰਕਾਰ ਘੇਰੀ
ਮਾਈਨਿੰਗ ਦੇ ਮੁੱਦੇ ’ਤੇ ਡਾਕਟਰ ਚੀਮਾ ਨੇ ਸਰਕਾਰ ਘੇਰੀ,
Publish Date: Wed, 25 Feb 2026 04:49 PM (IST)
Updated Date: Wed, 25 Feb 2026 04:52 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਵਿੱਚ ਚੱਲ ਰਹੀ ਮਾਈਨਿੰਗ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਘੇਰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਾਈਨਿੰਗ ਦੇ ਮੁੱਦੇ ’ਤੇ ਵੱਡੇ ਵਾਅਦੇ ਕਰਨ ਵਾਲੀ ਪਾਰਟੀ ਅੱਜ ਖੁਦ ਇਸ ਮਸਲੇ ’ਤੇ ਚੁੱਪ ਕਿਉਂ ਹੈ। ਉਹ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸਾਲਾਨਾ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਯੂਥ ਆਗੂ ਸੰਦੀਪ ਸਿੰਘ ਕਲੌਤਾ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਅਤੇ ਅਕਾਲੀ ਆਗੂ ਸੁਰਿੰਦਰ ਸਿੰਘ ਮਟੋਰ ਵੀ ਮੌਜੂਦ ਸਨ। ਡਾਕਟਰ ਚੀਮਾ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਰਾਜਭਾਗ ਹਾਸਲ ਕਰਨਾ ਸੀ ਤਾਂ ਮਾਈਨਿੰਗ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਕੀਤੀ ਜਾਂਦੀ ਸੀ, ਪਰ ਅੱਜ ਰੋਪੜ ਜ਼ਿਲ੍ਹੇ, ਹੋਸ਼ਿਆਰਪੁਰ ਇਲਾਕੇ, ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਗੜਸ਼ੰਕਰ ਵਿੱਚ ਜਿਸ ਪੱਧਰ ’ਤੇ ਮਾਈਨਿੰਗ ਹੋ ਰਹੀ ਹੈ, ਉਸ ਨੇ ਇਲਾਕੇ ਦੀ ਭੂਗੋਲਿਕ ਅਤੇ ਕੁਦਰਤੀ ਸਥਿਤੀ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਅਤੇ ਦਰਿਆਈ ਇਲਾਕਿਆਂ ਦੇ ਦਰੱਖਤ ਸੁੱਕਣ ਲੱਗ ਪਏ ਹਨ, ਜਿਸ ਨਾਲ ਗੁਰੂਆਂ ਦੀ ਧਰਤੀ ਦੀ ਖੂਬਸੂਰਤੀ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 185 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਣਾ ਆਪਣੇ ਆਪ ਵਿੱਚ ਸਾਬਤ ਕਰਦਾ ਹੈ ਕਿ ਇਨਵਾਇਰਨਮੈਂਟ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਕੇਂਦਰੀ ਏਜੰਸੀ ਇਸ ਪੱਧਰ ਦੀ ਕਾਰਵਾਈ ਕਰ ਸਕਦੀ ਹੈ ਤਾਂ ਸੂਬਾ ਸਰਕਾਰ ਕਿੱਥੇ ਸੁੱਤੀ ਪਈ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਜਿੰਮੇਵਾਰ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਮ ਜਨਤਕ ਕੀਤੇ ਜਾਣ ਅਤੇ ਪੂਰੀ ਪਾਰਦਰਸ਼ਤਾ ਨਾਲ ਜਾਂਚ ਹੋਵੇ। ਡਾਕਟਰ ਚੀਮਾ ਨੇ ਕਿਹਾ ਕਿ ਰਾਤ ਦੇ ਸਮੇਂ ਸੈਂਕੜਿਆਂ ਵਾਹਨਾਂ ਦੇ ਕਾਫਲੇ ਮਾਈਨਿੰਗ ਸਮੱਗਰੀ ਲੈ ਕੇ ਗੁਜ਼ਰਦੇ ਹਨ, ਪਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਹ ਕਿਉਂ ਨਜ਼ਰ ਨਹੀਂ ਆਉਂਦੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਲਈ ਵੱਖ-ਵੱਖ ਐਲਾਨ ਕਰ ਰਹੀ ਹੈ, ਜਦਕਿ ਪਹਿਲਾਂ ਚੱਲ ਰਹੀਆਂ ਕਈ ਭਲਾਈ ਸਕੀਮਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਟਾ-ਦਾਲ ਸਕੀਮ, ਸ਼ਗਨ ਸਕੀਮ, ਬੱਚਿਆਂ ਨੂੰ ਸਾਈਕਲਾਂ ਅਤੇ ਸਕੂਲੀ ਸਹੂਲਤਾਂ ਵਰਗੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਅਤੇ ਸਰਕਾਰੀ ਖਜ਼ਾਨੇ ਦੀ ਹਾਲਤ ਵੀ ਚਿੰਤਾਜਨਕ ਦਿਖਾਈ ਦੇ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਦਾ ਹਵਾਲਾ ਦੇ ਰਹੀ ਹੈ, ਜਦਕਿ ਦੂਜੇ ਪਾਸੇ ਸਰਕਾਰੀ ਜ਼ਮੀਨਾਂ ਵੇਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਡਾਕਟਰ ਚੀਮਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਫਿਰ ਵਾਅਦਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕ ਹੁਣ ਸਚਾਈ ਨੂੰ ਸਮਝਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਡਾਕਟਰ ਚੀਮਾ ਨੇ ਕਿਹਾ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਉਹ ਹੋਲੇ ਮਹੱਲੇ ਮੌਕੇ ਕਾਨਫਰੰਸ ਨਹੀਂ ਕਰਨਗੇ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਆਈ ਹੈ ਤਾਂ ਜੋੜ ਮੇਲਿਆਂ ਮੌਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਬਹੁਤ ਦੂਰ ਪਹਿਲਾਂ ਹੀ ਰੋਕ ਲਿਆ ਜਾਂਦਾ ਹੈ। ਕੋਈ ਸੁਚੱਜੇ ਪ੍ਰਬੰਧ ਨਹੀਂ ਕੀਤੇ ਜਾਂਦੇ ਇਸ ਲਈ ਅਸੀਂ ਸੰਗਤਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਅਤੇ ਹੋਰ ਮਾਮਲਿਆਂ ’ਤੇ ਸਰਕਾਰ ਸਪਸ਼ਟ ਜਵਾਬ ਦੇਵੇ ਅਤੇ ਸੂਬੇ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਢੁੱਕਵੇਂ ਕਦਮ ਚੁੱਕੇ ਜਾਣ।