- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਵਿੱਚ ਪੁਰਾਤਨ ਖੇਡਾਂ ਦੀ ਮੁੜ ਬਹਾਲੀ ਲਈ ਅਹਿਮ ਯੋਗਦਾਨ

ਪਵਨ ਕੁਮਾਰ, ਪੰਜਾਬੀ ਜਾਗਰਣ
ਨੂਰਪੁਰ ਬੇਦੀ : ਇਲਾਕੇ ਵਿੱਚ ਪੰਜਾਬ ਦੀਆਂ ਪੁਰਾਤਨ ਖੇਡਾਂ ਨੂੰ ਮੁੜ ਜਗਾਉਣ ਅਤੇ ਨੌਜਵਾਨੀ ਨੂੰ ਮੈਦਾਨਾਂ ਵੱਲ ਮੋੜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਤੇ ਕਲੱਬ ਮੈਂਬਰਾਂ ਨੂੰ ਪੰਜਾਬ ਮੋਰਚਾ ਵੱਲੋਂ ਰਾਣਾ ਨਿਵਾਸ ਵਿਖੇ ਕਰਵਾਏ ਸਮਾਰੋਹ ਦੌਰਾਨ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਰਵਿੰਦਰ ਸਿੰਘ ਸੁੱਖਾ ਕੈਨੇਡਾ, ਅਮਨ ਸਿੰਘ ਜੇਈ, ਰਾਜਵੀਰ ਸਿੰਘ ਬੈਂਸ, ਪਲਵਿੰਦਰ ਸਿੰਘ ਪੋਲਾ ਰੀਹਲ, ਹਰਵਿੰਦਰ ਰੀਹਲ, ਰਵਿੰਦਰ ਰੀਹਲ, ਕੁਲਵਿੰਦਰ ਰੀਹਲ, ਭੱਠਲ ਬੰਟੀ ਜੇਤੇਵਾਲ, ਅਰਸ਼ ਕਨੇਡਾ ਦੇ ਮੋਹਿਤ ਸਨੈਕਰ ਨੂੰ ਸਿਰੋਪਾਓ ਦੇ ਸਨਮਾਨ ਯਾਦਗਾਰੀ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਸਨਮਾਨ ਪ੍ਰੋਗਰਾਮ ਦੀ ਅਗਵਾਈ ਗੌਰਵ ਰਾਣਾ ਦੇ ਨਾਲ ਸੂਬੇਦਾਰ ਰੋਸ਼ਨ ਲਾਲ ਅਤੇ ਬਲਵੀਰ ਖਾਨ ਨੇ ਕੀਤੀ।
ਗੌਰਵ ਰਾਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਸਿਰਫ ਖੇਡ ਮੇਲਾ ਨਹੀਂ ਕਰਵਾਇਆ, ਸਗੋਂ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਮੁੜ ਜੀਵਿਤ ਕਰਨ ਦਾ ਵੱਡਾ ਮਿਸ਼ਨ ਸ਼ੁਰੂ ਕੀਤਾ ਹੈ, ਜਿਸਦਾ ਪ੍ਰਭਾਵ ਸਾਰੇ ਇਲਾਕੇ ਵਿੱਚ ਸਪਸ਼ਟ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਸਾਬਤ ਹੋ ਗਿਆ ਹੈ ਕਿ ਜੇ ਨੌਜਵਾਨ ਇਕੱਠੇ ਹੋ ਕੇ ਕੰਮ ਕਰਨ ਤਾਂ ਪਿੰਡਾਂ ਦੀ ਤਸਵੀਰ ਬਦਲੀ ਜਾ ਸਕਦੀ ਹੈ। ਉਨ੍ਹਾਂ ਇਲਾਕੇ ਦੇ ਹੋਰ ਐਨਆਰਆਈ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਆ ਕੇ ਇਸ ਮਿਸ਼ਨ ਨਾਲ ਜੁੜਨ ਅਤੇ ਖੇਡ ਮੇਲੇ ਨੂੰ ਸੂਬਾ ਪੱਧਰ ਦਾ ਸਮਾਗਮ ਬਣਾਉਣ ਲਈ ਸਹਿਯੋਗ ਦੇਣ, ਤਾਂ ਜੋ ਅਗਲੀ ਪੀੜ੍ਹੀ ਦੇ ਨੌਜਵਾਨ ਆਪਣੀਆਂ ਪੁਰਖਿਆਂ ਵਾਲੀਆਂ ਖੇਡਾਂ ਨਾਲ ਜੁੜ ਕੇ ਸਰੀਰਕ ਤੌਰ ‘ਤੇ ਫਿੱਟ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣ ਸਕਣ।
ਇਸ ਮੌਕੇ ਕਲੱਬ ਦੇ ਪ੍ਰਤੀਨਿਧੀ ਪਲਵਿੰਦਰ ਭੋਲਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਰ ਵੱਡੇ ਪੱਧਰ ‘ਤੇ ਪੰਜਵਾਂ ਕਬੱਡੀ-ਵਾਲੀਬਾਲ ਕੱਪ ਅਤੇ ਖੁੱਲਾ ਅਖਾੜਾ ਲਗਾਇਆ ਜਾਵੇਗਾ। ਉਨ੍ਹਾਂ ਪਿੰਡ ਦੀ ਪੰਚਾਇਤ, ਇਲਾਕੇ ਦੇ ਲੋਕਾਂ ਅਤੇ ਵਿਦੇਸ਼ ਵੱਸਦੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਫਲਤਾ ਸਾਂਝੀ ਮਿਹਨਤ ਦਾ ਨਤੀਜਾ ਹੈ। ਵਕਤਾਵਾਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਇਸ ਤਰ੍ਹਾਂ ਦੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਅਨੁਸ਼ਾਸਨ ਸਿਖਾਉਣ ਅਤੇ ਸਮਾਜਿਕ ਇਕਤਾ ਵਧਾਉਣ ਵਿੱਚ ਅਹਿਮ ਸਾਬਤ ਹੁੰਦੇ ਹਨ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਰਵਿੰਦਰ ਗਿੱਲ ਸੁੱਖਾ, ਹਰਵਿੰਦਰ ਰੀਹਲ ਅਤੇ ਹੋਰ ਸਾਥੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਆਯੋਜਕਾਂ ਨੇ ਕਿਹਾ ਕਿ ਲੋਕਾਂ ਦੇ ਭਰਪੂਰ ਸਹਿਯੋਗ ਨਾਲ ਇਲਾਕੇ ਵਿੱਚ ਖੇਡਾਂ ਦੀ ਲਹਿਰ ਮੁੜ ਜਾਗੀ ਹੈ ਅਤੇ ਭਵਿੱਖ ਵਿੱਚ ਇਸਨੂੰ ਹੋਰ ਵੱਡੇ ਪੱਧਰ ‘ਤੇ ਲੈ ਜਾਣ ਲਈ ਸਾਰੇ ਮਿਲ ਕੇ ਕੰਮ ਕਰਦੇ ਰਹਿਣਗੇ। ਇਸ ਮੌਕੇ ਉਥੇ ਬਲਜੀਤ ਧੀਮਾਨ ਕ੍ਰਿਸ਼ਨ ਕੁਮਾਰ ਅਸ਼ਵਨੀ ਰਾਣਾ ਯਾਦਵਿੰਦਰ ਸਿੰਘ ਪਵਨ ਕੁਮਾਰ ਤੇ ਹੋਰ ਸਾਥੀ ਮੌਜੂਦ ਸਨ।