ਚਰਨ ਗੰਗਾ ਸਟੇਡੀਅਮ ‘ਚ ਸਫਾਈ ਮੁਹਿੰਮ ਸ਼ੁਰੂ
ਹੋਲੇ ਮਹੱਲੇ ਤੋਂ ਪਹਿਲਾਂ ਚਰਨ ਗੰਗਾ ਸਟੇਡੀਅਮ ‘ਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਸ਼ੁਰੂ
Publish Date: Wed, 18 Feb 2026 05:54 PM (IST)
Updated Date: Wed, 18 Feb 2026 05:57 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਨੂੰ ਧਿਆਨ ਵਿਚ ਰੱਖਦੇ ਹੋਏ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਚ ਵਣ ਵਿਭਾਗ ਵੱਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਹੋਲੇ ਮਹੱਲੇ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਪੈਂਦੇ ਖੇਤਰਾਂ ਵਿਚ ਇਕੱਠੇ ਹੋਏ ਕੂੜੇ-ਕਰਕਟ ਨੂੰ ਹਟਾਇਆ ਜਾ ਰਿਹਾ ਹੈ ਅਤੇ ਸਫਾਈ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਵਣ ਵਿਭਾਗ ਦੀਆਂ ਟੀਮਾਂ ਵੱਲੋਂ ਘਾਹ-ਬੂਟਿਆਂ ਦੀ ਕੱਟ-ਛਾਂਟ, ਸੁੱਕੇ ਪੱਤਿਆਂ ਅਤੇ ਝਾੜੀਆਂ ਦੀ ਸਫਾਈ, ਨਾਲ ਹੀ ਖੁੱਲ੍ਹੇ ਮੈਦਾਨ ਨੂੰ ਸੁਚੱਜਾ ਬਣਾਉਣ ਲਈ ਮਿੱਟੀ ਸਮਤਲ ਕਰਨ ਵਰਗਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਸਿਰਫ਼ ਸਫਾਈ ਹੀ ਨਹੀਂ, ਸਗੋਂ ਇਲਾਕੇ ਦੀ ਸੁੰਦਰਤਾ ਵਿਚ ਵੀ ਵਾਧਾ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖਤਰਨਾਕ ਟਾਹਣੀਆਂ ਨੂੰ ਵੀ ਕੱਟਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ ਅਤੇ ਚਰਨ ਗੰਗਾ ਸਟੇਡੀਅਮ ਸਮੇਤ ਕਈ ਖੁੱਲ੍ਹੇ ਮੈਦਾਨ ਅਸਥਾਈ ਠਹਿਰਾਉ ਅਤੇ ਪ੍ਰੋਗਰਾਮਾਂ ਲਈ ਵਰਤੇ ਜਾਂਦੇ ਹਨ। ਇਸ ਲਈ ਸਮੇਂ ਸਿਰ ਸਫਾਈ ਅਤੇ ਤਿਆਰੀਆਂ ਬਹੁਤ ਜ਼ਰੂਰੀ ਹਨ। ਵਣ ਵਿਭਾਗ ਨੇ ਸ਼ਹਿਰ ਵਾਸੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਤਿਉਹਾਰ ਦੌਰਾਨ ਸਫਾਈ ਦਾ ਧਿਆਨ ਰੱਖਣ, ਕੂੜਾ ਨਿਰਧਾਰਤ ਥਾਵਾਂ ‘ਤੇ ਹੀ ਪਾਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਸਾਂਝੀ ਕੋਸ਼ਿਸ਼ ਨਾਲ ਹੋਲ਼ੇ ਮਹੱਲੇ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇਗਾ।