ਸਾਇੰਸ ਪ੍ਰਦਰਸ਼ਨੀ ’ਚ ਸਰਕਾਰੀ ਸਕੂਲ ਰਾਏਪੁਰ ਦਾ ਪੰਜਾਬ ’ਚ ਦੂਜਾ ਸਥਾਨ
ਸੂਬਾ ਪੱਧਰੀ ਸਾਇੰਸ ਪ੍ਰਦਰਸ਼ਨੀ: ਸੀਨੀਅਰ ਵਰਗ ਵਿਚ ਸਰਕਾਰੀ ਹਾਈ ਸਕੂਲ ਰਾਏਪੁਰ ਦਾ ਪੰਜਾਬ ਵਿਚ ਦੂਜਾ ਸਥਾਨ
Publish Date: Wed, 18 Feb 2026 05:52 PM (IST)
Updated Date: Wed, 18 Feb 2026 05:54 PM (IST)

ਛੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਹੋਈ ਚੋਣ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸ਼ੈਸ਼ਨ 2025–26 ਲਈ ਮਿਨਿਸਟਰੀ ਆਫ ਐਜੂਕੇਸ਼ਨ, ਰਾਸ਼ਟਰੀ ਸਿੱਖਿਆ ਖੋਜ ਅਤੇ ਪ੍ਰਯੋਗ ਪਰਿਸ਼ਦ ਅਤੇ ਰਾਜ ਸਿੱਖਿਆ ਖੋਜ ਅਤੇ ਪ੍ਰਯੋਗ ਪਰਿਸ਼ਦ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੱਧਰੀ ਸੀਨੀਅਰ ਵਰਗ ਦੀ ਸਾਇੰਸ ਪ੍ਰਦਰਸ਼ਨੀ ਜੀਐਨਏ ਯੂਨੀਵਰਸਿਟੀ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਇਸ ਪ੍ਰਤੀਯੋਗਤਾ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੇ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਅਤੇ ਅੰਮ੍ਰਿਤਪ੍ਰੀਤ ਕੌਰ ਨੇ ਸੀਨੀਅਰ ਵਰਗ ਦੇ ਸਿਹਤ ਅਤੇ ਸਫ਼ਾਈ ਵਿਸ਼ੇ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿਚ ਦੂਜਾ ਸਥਾਨ ਹਾਸਲ ਕੀਤਾ। ਇਹ ਉਪਲਬਧੀ ਸਾਇੰਸ ਅਧਿਆਪਕ ਸਰਦਾਰ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਸੰਭਵ ਹੋਈ। ਦੱਸਣਯੋਗ ਹੈ ਕਿ ਇਹ ਵਿਦਿਆਰਥੀ ਪਹਿਲਾਂ ਬਲਾਕ ਅਤੇ ਜ਼ਿਲ੍ਹਾ ਰੂਪਨਗਰ ਪੱਧਰ ’ਤੇ ਵੀ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਜੂਨੀਅਰ ਵਰਗ ਦੀ ਸਾਇੰਸ ਪ੍ਰਦਰਸ਼ਨੀ ਸਿਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਜਲੰਧਰ ਵਿਖੇ ਕਰਵਾਈ ਗਈ ਸੀ, ਜਿਸ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕੀਤਾ। ਬਾਕਸ ਇਨ: ਗੁਰਲਾਲ ਸਿੰਘ ਅਤੇ ਹਰਸ਼ਦੀਪ ਸਿੰਘ ਨੇ ਹਰਾ ਊਰਜਾ ਵਿਸ਼ਾ ਵਿਚ ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਆਰਵ ਭਾਰਦਵਾਜ ਅਤੇ ਆਰੀਅਨ ਨੇ ਟਿਕਾਊ ਖੇਤੀਬਾੜੀ ਵਿਸ਼ਾ ਵਿਚ ਪੰਜਾਬ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਮੁੱਖੀ ਸੀਮਾ ਦੇਵੀ ਨੇ ਸਾਇੰਸ ਅਧਿਆਪਕ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ ਲਈ ਮਾਣ ਵਾਲੀ ਉਪਲਬਧੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ ਵੱਲੋਂ ਵੀ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਨੂੰ ਰਾਸ਼ਟਰੀ ਪੱਧਰ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ। ਹੁਣ ਗੁਰਲਾਲ ਸਿੰਘ, ਹਰਸ਼ਦੀਪ ਸਿੰਘ, ਆਰਵ ਭਾਰਦਵਾਜ, ਆਰੀਅਨ, ਸਹਿਜਪ੍ਰੀਤ ਸਿੰਘ ਅਤੇ ਅੰਮ੍ਰਿਤਪ੍ਰੀਤ ਕੌਰ ਇਹ ਛੇ ਵਿਦਿਆਰਥੀ ਰਾਸ਼ਟਰੀ ਪੱਧਰ ਲਈ ਨੋਮੀਨੇਟ ਹੋਏ ਹਨ। ਇਹ ਵਿਦਿਆਰਥੀ ਐਨ.ਸੀ.ਈ.ਆਰ.ਟੀ. ਅੱਗੇ ਆਪਣੀ ਕਾਰਗੁਜ਼ਾਰੀ ਪੇਸ਼ ਕਰਨਗੇ ਅਤੇ ਚੋਣ ਹੋਣ ’ਤੇ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਰਾਏਪੁਰ ਸਾਇੰਸ ਵਿਸ਼ੇ ਵਿਚ ਲਗਾਤਾਰ ਉਪਲਬਧੀਆਂ ਦਰਜ ਕਰਵਾ ਰਿਹਾ ਹੈ ਅਤੇ ਵਿਦਿਆਰਥੀ ਰਾਜ ਅਤੇ ਦੇਸ਼ ਪੱਧਰ ’ਤੇ ਆਪਣੀ ਯੋਗਤਾ ਸਾਬਤ ਕਰ ਰਹੇ ਹਨ।