ਕਾਰੋਬਾਰੀਆਂ ਨੂੰ ਚੇਤਾਵਨੀ, ਸੜਕਾਂ ’ਤੇ ਸਾਮਾਨ ਨਾ ਲਗਾਉਣ ਦੀ ਹਦਾਇਤ
ਨੂਰਪੁਰਬੇਦੀ ਪੰਚਾਇਤ ਨੇ ਰੇਹੜੀ-ਫੜੀ ਵਾਲਿਆਂ ’ਤੇ ਕਾਰੋਬਾਰੀਆਂ ਨੂੰ ਸਖ਼ਤ ਚੇਤਾਵਨੀ, ਦੁਕਾਨਾਂ ਅੱਗੇ ’ਤੇ ਸੜਕਾਂ ’ਤੇ ਸਮਾਨ ਨਾ ਲਗਾਉਣ ਦੀ ਹਦਾਇਤ
Publish Date: Wed, 18 Feb 2026 04:16 PM (IST)
Updated Date: Wed, 18 Feb 2026 04:18 PM (IST)

ਟ੍ਰੈਫਿਕ ’ਚ ਵਿਘਨ ਪਾਉਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਥਾਣਾ ਮੁੱਖੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਸ਼ਹਿਰ ਦੀਆਂ ਸੜਕਾਂ, ਮੁੱਖ ਬਾਜ਼ਾਰ ਅਤੇ ਬੱਸ ਸਟੈਂਡ ਇਲਾਕੇ ’ਚ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਗ੍ਰਾਮ ਪੰਚਾਇਤ ਨੇ ਹੁਣ ਕੜਾ ਰੁਖ ਅਪਣਾਇਆ ਹੈ। ਆਮ ਲੋਕਾਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਧਿਆਨ ’ਚ ਰੱਖਦਿਆਂ ਪੰਚਾਇਤ ਵੱਲੋਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਰਪੰਚ ਨਿਰਮਲਾ ਦੇਵੀ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਲਏ ਫੈਸਲੇ ਅਨੁਸਾਰ ਅੱਜ ਸ਼ਹਿਰ ’ਚ ਮੁਨਾਦੀ ਕਰਵਾ ਕੇ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਵਿਵਸਥਾ ’ਚ ਰੁਕਾਵਟ ਨਾ ਪੈਦਾ ਕਰੇ। ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਕਈ ਸੜਕਾਂ ’ਤੇ ਰੇਹੜੀ ਅਤੇ ਫੜੀ ਵਾਲਿਆਂ ਵੱਲੋਂ ਮਨਮਰਜ਼ੀ ਨਾਲ ਸੜਕ ’ਤੇ ਸਮਾਨ ਰੱਖਿਆ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸਦੇ ਨਾਲ ਹੀ ਮੁੱਖ ਬਾਜ਼ਾਰ ’ਚ ਕੁਝ ਕਾਰੋਬਾਰੀ ਆਪਣੀਆਂ ਦੁਕਾਨਾਂ ਮੂਹਰੇ ਸਮਾਨ ਰੱਖ ਕੇ ਰਾਹਗੀਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਹਾਲਾਤ ਇਹ ਹਨ ਕਿ ਕਈ ਵਾਰ ਪੈਦਲ ਚੱਲਣ ਵਾਲਿਆਂ ਲਈ ਵੀ ਰਸਤਾ ਤੰਗ ਹੋ ਜਾਂਦਾ ਹੈ ਅਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ। ਦੂਜੇ ਪਾਸੇ ਬੈਂਕ ਅਤੇ ਏ.ਟੀ.ਐੱਮ. ਨੇੜੇ ਆਉਣ ਵਾਲੇ ਗ੍ਰਾਹਕ ਵੀ ਬੇਤਰਤੀਬੀ ਨਾਲ ਵਾਹਨ ਖੜ੍ਹੇ ਕਰਦੇ ਹਨ, ਜਿਸ ਕਾਰਨ ਬਾਜ਼ਾਰ ’ਚ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਖਾਸਕਰ ਸਕੂਲਾਂ ਦੀ ਛੁੱਟੀ ਸਮੇਂ ਗਲਤ ਢੰਗ ਨਾਲ ਖੜ੍ਹੇ ਵਾਹਨਾਂ ਕਰਕੇ ਟ੍ਰੈਫਿਕ ਸਮੱਸਿਆ ਹੋਰ ਵੀ ਬੇਕਾਬੂ ਹੋ ਜਾਂਦੀ ਹੈ। ਸ਼ਹਿਰ ’ਚ ਪਾਰਕਿੰਗ ਲਈ ਨਿਰਧਾਰਿਤ ਥਾਂ ਦੀ ਕਮੀ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਇਸ ਪਿਛੋਕੜ ’ਚ ਗ੍ਰਾਮ ਪੰਚਾਇਤ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਦੁਕਾਨਦਾਰ, ਰੇੜੀ-ਫੜੀ ਵਾਲੇ ਅਤੇ ਆਮ ਨਾਗਰਿਕ ਸੜਕਾਂ ਜਾਂ ਦੁਕਾਨਾਂ ਅੱਗੇ ਬੇਵਜ੍ਹਾ ਸਮਾਨ ਰੱਖ ਕੇ ਜਨਤਾ ਲਈ ਅਸੁਵਿਧਾ ਪੈਦਾ ਕਰਨ ਤੋਂ ਗੁਰੇਜ਼ ਕਰਨ। ਪੰਚਾਇਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਆਉਣ ਵਾਲੇ ਦਿਨਾਂ ’ਚ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਤ ਵਿਅਕਤੀ ਦੀ ਹੋਵੇਗੀ। ਇਸ ਸਬੰਧੀ ਥਾਨਾ ਮੁੱਖੀ ਨੂਰਪੁਰਬੇਦੀ ਰੋਹਿਤ ਸ਼ਰਮਾ ਨੇ ਦੋ ਟੁੱਕ ਸ਼ਬਦਾਂ ’ਚ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਵਾਜਾਈ ’ਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਚੇਤਾਵਨੀ ਦਿੱਤੀ ਕਿ ਪੰਚਾਇਤ ਵੱਲੋਂ ਕੀਤੀ ਗਈ ਅਪੀਲ ਨੂੰ ਗੰਭੀਰਤਾ ਨਾਲ ਲਿਆ ਜਾਵੇ, ਨਹੀਂ ਤਾਂ ਸਖ਼ਤੀ ਲਈ ਤਿਆਰ ਰਹਿਣਾ ।