ਹੋਲੇ ਮਹੱਲੇ ਦੀ ਸੰਗਤ ਲਈ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ
ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਵਿਖੇ ਹੋਲਾ ਮਹੱਲਾ ਮੇਲੇ ਦੌਰਾਨ ਆਉਣ ਵਾਲੀ
Publish Date: Tue, 17 Feb 2026 06:37 PM (IST)
Updated Date: Tue, 17 Feb 2026 06:39 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲਾ ਜਿਸ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ 27 ਫਰਵਰੀ ਤੋਂ ਸ਼ੁਰੂ ਹੋ ਕੇ ਇਕ ਮਾਰਚ ਤੱਕ ਚੱਲੇਗਾ ਅਤੇ ਇਸ ਤੋਂ ਬਾਅਦ ਦੂਸਰਾ ਪੜਾਅ ਸ਼੍ਰੀ ਅਨੰਦਪੁਰ ਸਾਹਿਬ ਵਿਖੇ 2 ਮਾਰਚ ਤੋਂ ਸ਼ੁਰੂ ਹੋ ਕੇ 4 ਮਾਰਚ ਤੱਕ ਚੱਲੇਗਾ। ਇਸ ਮੇਲੇ ਵਿਚ ਸ਼ਾਮਿਲ ਹੋਣ ਲਈ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਵਿਖੇ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਮਹੰਤ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਨੇ ਦੱਸਿਆ ਕਿ ਹੋਲਾ ਮਹੱਲਾ ਮੇਲੇ ਦੌਰਾਨ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਮੱਥਾ ਟੇਕਣ ਲਈ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਉਂਦੀਆਂ ਹਨ, ਸਾਡੇ ਵੱਲੋਂ ਸੰਗਤ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਦਰਗਾਹ ਦੀ ਸਾਰੀ ਇਮਾਰਤ ਨੂੰ ਨੂੰ ਰੰਗ ਰੋਗਨ ਕਰਕੇ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ, ਜੋੜੇ ਘਰ, ਗਠੜੀ ਘਰ, ਔਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਉਹਨਾਂ ਦੱਸਿਆ ਕਿ ਮੇਲੇ ਦੌਰਾਨ ਸੰਗਤ ਲਈ 24 ਘੰਟੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਉਹਨਾਂ ਦੱਸਿਆ ਕਿ ਦਰਗਾਹ ’ਤੇ ਲਾਈਟਾਂ ਦਾ ਪ੍ਰਬੰਧ, ਮੇਲੇ ਦੌਰਾਨ ਸਮਾਜ ਵਿਰੋਧੀ ਅਨਸਰਾਂ ਅਤੇ ਜੇਬ ਕਤਰਿਆਂ ਉੱਪਰ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ, ਵਾਹਨ ਖੜੇ ਕਰਨ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਦਰਗਾਹ ਨੂੰ ਸੁੰਦਰ ਦੀਪ ਮਾਲਾ ਕਰਕੇ ਸਜਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ 27 ਫਰਵਰੀ ਨੂੰ ਮੇਲੇ ਦੀ ਆਰੰਭਤਾ ਮੌਕੇ ਉਨਾਂ ਵੱਲੋਂ ਸਮੂਹ ਖਿਦਮਤਗਾਰਾਂ ਸਮੇਤ ਦਰਗਾਹ ’ਤੇ ਸਵੇਰੇ 10 ਵਜੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਮੇਲੇ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਜਾਵੇਗੀ। ਬਾਬਾ ਦਿਲਬਾਗ ਮੁਹੰਮਦ ਸ਼ਾਹ ਨੇ ਦੱਸਿਆ ਕਿ ਬੇਸ਼ੱਕ ਸ੍ਰੀ ਕੀਰਤਪੁਰ ਸਾਹਿਬ ਦਾ ਮੇਲਾ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਤੱਕ ਚੱਲੇਗਾ ਪਰ 4 ਮਾਰਚ ਤੱਕ ਸੰਗਤਾਂ ਸ਼੍ਰੀ ਕੀਰਤਪੁਰ ਸਾਹਿਬ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਉੱਪਰ ਮੱਥਾ ਟੇਕਣ ਲਈ ਆਉਂਦੀਆਂ ਰਹਿਣਗੀਆਂ। ਇਸ ਮੌਕੇ ਉਨਾਂ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਪੂਰਵਕ ਇੱਕ ਸੱਚੇ ਸ਼ਰਧਾਲੂ ਦੀ ਤਰ੍ਹਾਂ ਮੱਥਾ ਟੇਕਣ ਲਈ ਮੇਲੇ ਵਿੱਚ ਸ਼ਾਮਲ ਹੋਣ, ਮੇਲੇ ਵਿੱਚ ਕੋਈ ਵੀ ਹੁੱਲੜਬਾਜ਼ੀ ਨਾ ਕਰੇ ਤਾਂ ਜੋ ਮੇਲੇ ਦਾ ਮਾਹੌਲ ਖਰਾਬ ਨਾ ਹੋਵੇ। ਇਸ ਮੌਕੇ ਉਹਨਾਂ ਦੇ ਨਾਲ ਕੋ-ਮੋਹਤਮਿਮ ਗਫੂਰ ਸ਼ਾਹ, ਸਰੀਫ ਸ਼ਾਹ, ਪਰਵੇਜ਼ ਸ਼ਾਹ, ਬਿੱਟੂ ਸਾਹ , ਇਮਰਾਨ ਸ਼ਾਹ ਅਤੇ ਖਿਦਮਤਗਾਰ ਅਕਬਰ ਸ਼ਾਹ, ਦਾਨਿਸ਼ ਸ਼ਾਹ ਆਦਿ ਹਾਜ਼ਰ ਸਨ।