ਤਾਰ ’ਚ ਛੱਡੇ ਕਰੰਟ ਨਾਲ ਖੇਤ ਮਜ਼ਦੂਰ ਨੂੰ ਲੱਗਾ ਝਟਕਾ
ਦਿਨ ਦਿਹਾੜੇ ਖੇਤਾਂ ਵਿਚ ਕਰੰਟ ਛੱਡਣ ਨਾਲ ਖੇਤ ਮਜ਼ਦੂਰ ਨੂੰ ਲੱਗਿਆ ਕਰੰਟ
Publish Date: Sat, 14 Feb 2026 06:59 PM (IST)
Updated Date: Sat, 14 Feb 2026 07:00 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ
ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਬੁੰਗਾ ਸਾਹਿਬ ਬਸ ਅੱਡੇ ਦੇ ਨਜ਼ਦੀਕ ਖੇਤਾਂ ਵਿਚ ਇੱਕ ਕਿਸਾਨ ਦੇ ਮਜ਼ਦੂਰ ਨੂੰ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਬੂੰਗੇ ਦੇ ਕਿਸਾਨ ਮਹਿੰਦਰ ਸਿੰਘ ਦੇ ਖੇਤ ਦੇ ਨਾਲ ਲੱਗਦੇ ਖੇਤ ਦੇ ਮਾਲਕ ਅਮਰੀਕ ਸਿੰਘ ਵਾਸੀ ਪਿੰਡ ਫਤਿਹਪੁਰ ਬੂੰਗਾ ਵੱਲੋਂ ਖੇਤਾਂ ਵਿਚ ਦਿਨ ਦਿਹਾੜੇ ਤਾਰ ਲਗਾ ਕੇ ਕਰੰਟ ਛੱਡਿਆ ਹੋਇਆ ਸੀ। ਇਹ ਕਰੰਟ ਨੈਸ਼ਨਲ ਹਾਈਵੇ ਅਤੇ ਮੌਜੂਦ ਸ਼ਰਾਬ ਠੇਕੇ ਵਿਚ ਲੱਗੇ ਮੀਟਰ ਤੋਂ ਲਗਾਇਆ ਹੋਇਆ ਸੀ ਭਾਵੇਂ ਕਿ ਕੁਝ ਲੋਕ ਇਸ ਕਰੰਟ ਦੀ ਵਰਤੋਂ ਰਾਤ ਨੂੰ ਜਾਨਵਰ ਮਾਰਨ ਦੇ ਲਈ ਜਾਂ ਭਜਾਉਣ ਦੇ ਲਈ ਲਾਉਂਦੇ ਹਨ ਪਰ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜਦੋਂ ਕਿਸਾਨ ਮਹਿੰਦਰ ਸਿੰਘ ਦੇ ਖੇਤ ਵਿਚ ਇੱਕ ਖੇਤ ਮਜ਼ਦੂਰ ਕਣਕ ’ਤੇ ਕੀਟ ਨਾਸ਼ਕ ਸਪਰੇ ਕਰ ਰਿਹਾ ਸੀ ਉਸ ਨੂੰ ਕਰੰਟ ਲੱਗਣ ’ਤੇ ਉਹ ਡਿੱਗ ਪਿਆ। ਖੇਤ ਮਜ਼ਦੂਰ ਨੂੰ ਇਨਾ ਵੱਡਾ ਝਟਕਾ ਲੱਗਿਆ ਕਿ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਿਆ, ਨਾਲ ਕੰਮ ਕਰਦੇ ਜਿਮੀਦਾਰਾਂ ਵੱਲੋਂ ਇਸ ਮਜ਼ਦੂਰ ਨੂੰ ਸੰਭਾਲਿਆ ਅਤੇ ਮਾਲਿਸ਼ ਕੀਤੀ ਗਈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਏਰੀਏ ਦੇ ਜੇ ਈ ਨੂੰ ਦਿੱਤੀ ਗਈ ਅਤੇ ਇਹ ਸਾਰੀ ਜਾਣਕਾਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਕਿਸਾਨ ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਫਤਿਹਪੁਰ ਬੂੰਗਾ ਨੇ ਮੰਗ ਕੀਤੀ ਗਈ ਕਿ ਖੇਤਾਂ ਵਿੱਚ ਅਜਿਹੇ ਕਰੰਟ ਲਗਾਉਣ ’ਤੇ ਤੁਰੰਤ ਰੋਕ ਲਗਾਈ ਜਾਵੇ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਸਾਨ ਮਹਿੰਦਰ ਸਿੰਘ ਦੇ ਪੁੱਤਰ ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਝਟਕਾ ਮੈਨੂੰ ਵੀ ਲੱਗਿਆ ਹੈ ਇਸ ਤੋਂ ਪਹਿਲਾਂ ਖੇਤਾਂ ਦੇ ਨਜ਼ਦੀਕ ਅਹਾਤੇ ਤੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਪਹਿਲਾਂ ਲੱਗ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹ ਬਿਜਲੀ ਵਿਭਾਗ ਦੇ ਜੇਈ ਅਤੇ ਪੁਲਿਸ ਵਿਭਾਗ ਕੋਲ ਵੀ ਸ਼ਿਕਾਇਤ ਦਰਜ ਕਰਵਾਉਣਗੇ।ਦੂਜੇ ਪਾਸੇ ਕਿਸਾਨ ਅਮਰੀਕ ਸਿੰਘ ਵਾਸੀ ਪਿੰਡ ਫਤਿਹਪੁਰ ਬੁੰਗਾ ਨੇ ਦੱਸਿਆ ਕਿ ਰਾਤ ਸਮੇਂ ਖੇਤਾਂ ਵਿੱਚ ਅਵਾਰਾ ਜਾਨਵਰ ਫਸਲ ਦਾ ਨੁਕਸਾਨ ਕਰਦੇ ਹਨ ਉਹਨਾਂ ਦੀ ਰੋਕਥਾਮ ਲਈ ਰਾਤ ਸਮੇਂ ਝਟਕਾ ਲਗਾਇਆ ਜਾਂਦਾ ਹੈ, ਜਿਸ ਨਾਲ ਕੇਵਲ ਝਟਕਾ ਲੱਗਦਾ ਹੈ ਇਨਸਾਨ ਦੀ ਮੌਤ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਮੇਰੇ ਖੇਤ ਬੂੰਗਾ ਸਾਹਿਬ ਵਿਚ ਹਨ ਪਰ ਮੇਰੀ ਰਿਹਾਇਸ਼ ਪਿੰਡ ਢੇਰ ਹੈ ਪਿੱਛੇ ਤੋਂ ਅਵਾਰਾ ਜਾਨਵਰ ਮੇਰੀ ਫਸਲ ਦਾ ਨੁਕਸਾਨ ਕਰਦੇ ਹਨ ਇਸ ਲਈ ਰਾਤ ਸਮੇਂ ਝਟਕਾ ਲਗਾਇਆ ਜਾਂਦਾ ਹੈ।