ਚਾਰ ਕਰੋੜ ਨਾਲ ਸਤਲੁਜ ਪੁਲ ਦੇ ਨੰਗੇ ਪਿੱਲਰ ਮਜ਼ਬੂਤ ਕਰਨ ਦਾ ਕੰਮ ਸ਼ੁਰੂ
ਦੇਰ ਆਏ ਦਰੁਸਤ ਆਏ,,
Publish Date: Fri, 13 Feb 2026 04:53 PM (IST)
Updated Date: Fri, 13 Feb 2026 04:57 PM (IST)

ਹੜਾਂ ਦੀ ਮਾਰ ਝੱਲਣ ਲਈ ਪੰਜ ਮੀਟਰ ਡੂੰਘੇ, ਤਿੰਨ ਸਟੈਪਾਂ ਵਿਚ ਬਣਨ ਵਾਲੇ ਡੰਗੇ ਰਾਹਤ ਭਰੀ ਖਬਰ ਕੁਲਵਿੰਦਰ ਭਾਟੀਆ,ਪੰਜਾਬੀ ਜਾਗਰਣ ਨੰਗਲ : ਦੋ ਤਖ਼ਤਾਂ ਨੂੰ ਜੋੜਨ ਵਾਲੇ ਸੰਗਤ ਪਰ ਠਾਣੇ ਤੋਂ ਅਗੰਮਪੁਰ ਸਾਈਡ ਵੱਲ ਜਾਣ ਵਾਲੇ ਲੰਬੇ ਸਮੇਂ ਤੋਂ ਚਰਚਿਤ ਸਤਲੁਜ ਪੁਲ ਦੀ ਮਜ਼ਬੂਤੀ ਲਈ ਆਖਿਰਕਾਰ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਪੁਲ ਦੇ ਉੱਪਰੀ ਹਿੱਸੇ ਦੀ ਪ੍ਰੀਮਿਕਸ ਲੇਅਰ ਤੋਂ ਲੈ ਕੇ ਹੇਠਾਂ ਸਥਿਤ ਕਰੀਬ 40 ਪਿੱਲਰਾਂ ਦੀ ਮਜ਼ਬੂਤੀ ਲਈ ਲਗਭਗ 4 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਕਰੀਬ ਇੱਕ ਕਿਲੋਮੀਟਰ ਤੋਂ ਵੱਧ ਲੰਬੇ ਇਸ ਪੁਲ ਦੇ ਪਿੱਲਰ ਸਤਲੁਜ ਦਰਿਆ ਵਿਚ ਸਥਿਤ ਹਨ, ਜੋ ਲੰਬੇ ਸਮੇਂ ਤੋਂ ਹੜਾਂ ਦੀ ਮਾਰ ਅਤੇ ਗੈਰਕਾਨੂੰਨੀ ਮਾਈਨਿੰਗ ਕਾਰਨ ਕਈ ਥਾਵਾਂ ‘ਤੇ ਨੰਗੇ ਅਤੇ ਡੂੰਘੇ ਹੋ ਚੁੱਕੇ ਸਨ। ਸੰਬੰਧਿਤ ਕੰਪਨੀ ਵੱਲੋਂ ਮਜ਼ਬੂਤੀ ਦਾ ਕੰਮ ਮੌਕੇ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਲੰਬੇ ਸਮੇਂ ਤੋਂ ਆਵਾਜ਼ ਉਠਾਉਣ ਵਾਲੇ ਗੌਰਵ ਰਾਣਾ (ਕਨਵੀਨਰ, ਪੰਜਾਬ ਮੋਰਚਾ) ਅਤੇ ਐਡਵੋਕੇਟ ਵਿਸ਼ਾਲ ਸੈਣੀ ਮੌਕੇ ‘ਤੇ ਪਹੁੰਚੇ ਅਤੇ ਠੇਕੇਦਾਰ ਨਾਲ ਪ੍ਰੋਜੈਕਟ ਦੀ ਜਾਣਕਾਰੀ ਲਈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਜ਼ਾਰਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਠੇਕੇਦਾਰ ਦੇ ਮੁਤਾਬਕ ਜਿੱਥੇ ਪਿੱਲਰਾਂ ਦੇ ਆਲੇ ਦੁਆਲੇ ਮਿੱਟੀ ਦਾ ਮਜ਼ਬੂਤ ਬੇਸ ਮੌਜੂਦ ਨਹੀਂ ਹੈ, ਉੱਥੇ ਪੰਜ ਮੀਟਰ ਡੂੰਘਾਈ ਵਿੱਚ ਤਿੰਨ ਲੇਅਰਾਂ ਵਾਲੇ ਸਟੈਪ-ਟਾਈਪ ਗੋਲ ਡੰਗੇ ਲਗਾਏ ਜਾ ਰਹੇ ਹਨ, ਜਿਸ ਨਾਲ ਪੁਲ ਦੀ ਨੀਹ ਮਜ਼ਬੂਤ ਹੋਵੇਗੀ ਅਤੇ ਭਵਿੱਖ ਵਿੱਚ ਹੜਾਂ ਦਾ ਖ਼ਤਰਾ ਘੱਟ ਹੋਵੇਗਾ। ਟੈਂਡਰ ਵਿੱਚ ਉੱਪਰਲੇ ਰੋਡ ਸਤਰ ਦੀ ਮੁਰੰਮਤ ਤੋਂ ਲੈ ਕੇ ਹੇਠਾਂ ਡੰਗਿਆਂ ਦੇ ਨਿਰਮਾਣ ਤੱਕ ਸਾਰਾ ਕੰਮ ਸ਼ਾਮਲ ਹੈ। ਰਾਣਾ ਨੇ ਕਿਹਾ ਕਿ ਭਾਵੇਂ ਐਨਜੀਟੀ ਵੱਲੋਂ ਜ਼ਿਲ੍ਹੇ ਦੇ ਕੁਝ ਸਥਾਨਾਂ ਦਾ ਦੌਰਾ ਕੀਤਾ ਗਿਆ ਹੈ, ਪਰ ਪੁਲ ਨੇੜੇ ਪਾਣੀ ਵਿੱਚ ਆ ਰਹੇ ਕੈਮੀਕਲ ਤੱਤਾਂ ਦੀ ਜਾਂਚ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਤਲੁਜ ਅਤੇ ਸਵਾਂ ਦਰਿਆ ਨੂੰ ਚੈਨਲਾਈਜ਼ ਕਰਕੇ ਸਾਈਡਾਂ ‘ਤੇ ਪ੍ਰੋਟੈਕਸ਼ਨ ਵਾਲ ਮਜ਼ਬੂਤ ਕੀਤੇ ਜਾਣ ਅਤੇ ਮਾਈਨਿੰਗ ਕਾਰੋਬਾਰ ਨੂੰ ਨਿਯਮਬੱਧ ਨੀਤੀ ਹੇਠ ਚਲਾਇਆ ਜਾਵੇ, ਤਾਂ ਜੋ ਸਥਾਨਕ ਨੌਜਵਾਨਾਂ ਨੂੰ ਸੁਰੱਖਿਅਤ ਰੋਜ਼ਗਾਰ ਮਿਲ ਸਕੇ। ਉਨ੍ਹਾਂ ਨੇ ਨੰਗਲ ਦੇ ਮੌਜੋਵਾਲ ਤੋਂ ਕਾਹਨਪੁਰ ਖੂਹੀ ਟਿੱਬਾ ਟੱਪਰੀਆਂ ਤੱਕ ਕਰੀਬ 200 ਪਿੰਡਾਂ ਲਈ ਨਹਿਰ ਪ੍ਰੋਜੈਕਟ ਪਾਸ ਕਰਨ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਰਿਪੇਰੀਅਨ ਕਾਨੂੰਨ ਦੇ ਤਹਿਤ ਸੂਬੇ ਅਤੇ ਜ਼ਿਲ੍ਹੇ ਨੂੰ ਪਾਣੀ ਅਤੇ ਕੁਦਰਤੀ ਖਣਿਜ ਪਦਾਰਥਾਂ ‘ਤੇ ਪਹਿਲਾ ਹੱਕ ਮਿਲਣਾ ਚਾਹੀਦਾ ਹੈ ਅਤੇ ਇਨ੍ਹਾਂ ਸਰੋਤਾਂ ਨਾਲ ਜੁੜੇ ਵਿਕਾਸ ਕਾਰਜ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣ। ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਪੁਲ ਦੀ ਮਜ਼ਬੂਤੀ ਲਈ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਸੀ ਅਤੇ ਹੁਣ ਕੰਮ ਸ਼ੁਰੂ ਹੋਣਾ ਇਲਾਕੇ ਲਈ ਵੱਡੀ ਰਾਹਤ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇ ਪਿੱਲਰਾਂ ਦੇ ਚਾਰੇ ਪਾਸੇ ਡੰਗੇ ਮਿਆਰੀ ਡੂੰਘਾਈ ਅਤੇ ਮਜ਼ਬੂਤੀ ਨਾਲ ਲਗਾਏ ਗਏ ਤਾਂ ਪੁਲ ਲੰਬੇ ਸਮੇਂ ਤੱਕ ਸੁਰੱਖਿਅਤ ਰਹੇਗਾ। ਸਥਾਨਕ ਲੋਕਾਂ ਮੁਤਾਬਕ ਇਹ ਪੁਲ ਇਲਾਕੇ ਦੀ ਆਵਾਜਾਈ, ਵਪਾਰ ਅਤੇ ਐਮਰਜੈਂਸੀ ਸੇਵਾਵਾਂ ਲਈ ਜੀਵਨਰੇਖਾ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕੰਮ ਨੂੰ ਗੰਭੀਰਤਾ ਨਾਲ ਤੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹਾਦਸੇ ਜਾਂ ਨੁਕਸਾਨ ਦਾ ਖ਼ਤਰਾ ਨਾ ਰਹੇ।