ਮੰਗਾਂ ਨਾ ਮੰਨਣ ’ਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਘੇਰਾਓ ਦਾ ਐਲਾਨ
ਨੂਰਪੁਰ ਬੇਦੀ/ਰੂਪਨਗਰ/ਨੰਗਲ ਮੁੱਖ ਮਾਰਗ ਤਿੰਨ ਘੰਟੇ ਜਾਮ ਦੁੱਧ ਉਤਪਾਦਕਾਂ ਦਾ ਵੇਰਕਾ ’ਤੇ ਪੰਜਾਬ ਸਰਕਾਰ ਖ਼ਿਲਾਫ਼ ਭੜਕਿਆ ਗੁੱਸਾ
Publish Date: Thu, 12 Feb 2026 04:13 PM (IST)
Updated Date: Thu, 12 Feb 2026 04:14 PM (IST)

ਨੂਰਪੁਰ ਬੇਦੀ/ਰੂਪਨਗਰ/ਨੰਗਲ ਮੁੱਖ ਮਾਰਗ ਤਿੰਨ ਘੰਟੇ ਜਾਮ ਦੁੱਧ ਉਤਪਾਦਕਾਂ ਦਾ ਭੜਕਿਆ ਗੁੱਸਾ ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਨੂਰਪੁਰ ਬੇਦੀ ਇਲਾਕੇ ਵਿਚ ਦੁੱਧ ਦੇ ਰੇਟਾਂ ਵਿਚ ਲਗਾਤਾਰ ਕਟੌਤੀ ਤੋਂ ਖ਼ਫ਼ਾ ਸੈਂਕੜੇ ਦੁੱਧ ਉਤਪਾਦਕਾਂ ਅਤੇ ਪਸ਼ੂ ਪਾਲਕਾਂ ਨੇ ਅੱਜ ਵੱਡਾ ਰੋਸ਼ ਪ੍ਰਦਰਸ਼ਨ ਕਰਦਿਆਂ ਨੂਰਪੁਰ ਬੇਦੀ ਬੱਸ ਸਟੈਂਡ ਅੱਗੇ ਨੂਰਪੁਰ ਬੇਦੀ–ਰੂਪਨਗਰ–ਨੰਗਲ ਮੁੱਖ ਮਾਰਗ ਨੂੰ ਕਰੀਬ ਤਿੰਨ ਘੰਟਿਆਂ ਲਈ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੀਆਂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਆਗੂ ਸੁਖਵਿੰਦਰ ਸਿੰਘ ਬੜਵਾ, ਪਰਮਜੀਤ ਸਿੰਘ ਬਾਹਮਣ ਮਾਜਰਾ, ਰੁਪਿੰਦਰ ਸਿੰਘ ਸੰਦੋਆ ਅਤੇ ਹਰਪ੍ਰੀਤ ਸਿੰਘ ਬਾਹਮਣ ਮਾਜਰਾ ਨੇ ਕਿਹਾ ਕਿ ਪਿਛਲੇ ਕਰੀਬ 21 ਦਿਨਾਂ ਵਿਚ ਦੁੱਧ ਦੇ ਰੇਟ ਦੋ–ਤਿੰਨ ਵਾਰ ਘਟਾ ਕੇ ਲਗਭਗ ਚਾਰ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਦੁੱਧ ਉਤਪਾਦਕਾਂ ਦੀ ਆਮਦਨ ‘ਤੇ ਭਾਰੀ ਮਾਰ ਪਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵੇਰਕਾ ਪ੍ਰਬੰਧਨ ਦੁੱਧ ਉਤਪਾਦਕਾਂ ਦੇ ਹੱਕਾਂ ‘ਤੇ ਡਾਕਾ ਮਾਰ ਰਿਹਾ ਹੈ ਅਤੇ ਸਰਕਾਰ ਇਸ ਮਾਮਲੇ ਵਿਚ ਚੁੱਪ ਦਰਸ਼ਕ ਬਣੀ ਹੋਈ ਹੈ। ਸੰਘਰਸ਼ਕਾਰੀਆਂ ਨੇ ਆਂਕੜੇ ਜਾਰੀ ਕਰਦਿਆਂ ਦੱਸਿਆ ਕਿ ਇਕੱਲੇ ਰੋਪੜ ਜ਼ਿਲ੍ਹੇ ਵਿਚ ਹੀ ਦੁੱਧ ਉਤਪਾਦਕਾਂ ਦੀ ਆਮਦਨ ਵਿਚ ਰੋਜ਼ਾਨਾ ਕਰੀਬ 4 ਲੱਖ ਰੁਪਏ ਦੀ ਕਟੌਤੀ ਹੋ ਰਹੀ ਹੈ। ਜੇ ਇਹੀ ਹਿਸਾਬ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਨਾਲ ਜੋੜਿਆ ਜਾਵੇ ਤਾਂ ਨੁਕਸਾਨ ਕਰੋੜਾਂ ਵਿਚ ਬਣਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦਕਿ ਨਿੱਜੀ ਕੰਪਨੀਆਂ ਵਧੇਰੇ ਰੇਟ ਦੇ ਕੇ ਦੁੱਧ ਖਰੀਦਣ ਲਈ ਤਿਆਰ ਹਨ, ਫਿਰ ਵੀ ਵੇਰਕਾ ਵੱਲੋਂ ਕੀਮਤਾਂ ਘਟਾਉਣਾ ਬੇਵਜ੍ਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ–ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਮੋਹਨ ਸਿੰਘ ਡੂਮੇਵਾਲ, ਬਲਵੀਰ ਸਿੰਘ ਭੱਟੋ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਨਵੀਨਰ ਗੌਰਵ ਰਾਣਾ, ਬਰਿੰਦਰ ਸਿੰਘ ਢਿੱਲੋ, ਜਰਨੈਲ ਸਿੰਘ ਔਲਖ, ਅਸ਼ਵਨੀ ਸ਼ਰਮਾ, ਹਰਮੇਸ਼ ਸਿੰਘ ਠੋਢਾ, ਭਜਨ ਲਾਲ ਕਾਂਗੜ ਅਤੇ ਹੁਸਨ ਸਿੰਘ ਰੂੜੇਵਾਲ ਆਦਿ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸੱਤ ਦਿਨਾਂ ਅੰਦਰ ਘਟਾਏ ਰੇਟ ਮੁੜ ਬਹਾਲ ਨਾ ਕੀਤੇ ਗਏ ਤਾਂ ਵੇਰਕਾ ਮਿਲਕ ਪਲਾਂਟ ਮੋਹਾਲੀ ਦਾ ਵੱਡੇ ਪੱਧਰ ‘ਤੇ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਭਟੋਲੀ, ਸੁਰਜੀਤ ਸਿੰਘ ਰੂੜੇਵਾਲ, ਵਿਜੇ ਕੁਮਾਰ ਪਿੰਕਾ ਬੜਬਾ, ਕਮਲਜੀਤ ਸਿੰਘ ਚੁਨੋਲੀ, ਪ੍ਰੀਤਮ ਸਿੰਘ ਮਵਾ, ਗੁਰਪ੍ਰੀਤ ਸਿੰਘ ਬੜਬਾ, ਤੇਜਪਾਲ ਸਿੰਘ ਰੂੜੇਵਾਲ, ਨੰਦ ਲਾਲ ਸੈਣੀ ਮਾਜਰਾ, ਲੱਕੀ ਸਰਪੰਚ ਡੇਢੇਵਾਲ, ਸ਼ਿਵ ਕੁਮਾਰ ਝਾਡੀਆਂ, ਹੈਪੀ ਸਰਪੰਚ ਤਖਤਗੜ੍ਹ, ਸੁਖਵਿੰਦਰ ਸਿੰਘ ਬੋਬੀ ਸਮੇਤ ਸੈਂਕੜੇ ਦੁੱਧ ਉਤਪਾਦਕ ਅਤੇ ਸਮਰਥਕ ਮੌਜੂਦ ਰਹੇ। ਚੱਕਾ ਜਾਮ ਦੌਰਾਨ ਟਰੈਫਿਕ ਵਿਵਸਥਾ ਪੂਰੀ ਤਰ੍ਹਾਂ ਲੜਖੜਾਈ ਪੁਲਿਸ ਪ੍ਰਸ਼ਾਸਨ ਵੱਲੋਂ ਡਾਈਵਰਟ ਕੀਤਾ ਰੂਟ ਜਿਸ ਨਾਲ ਰਾਹੀਂ ਸਥਿਤੀ ਨੂੰ ਸੰਭਾਲਿਆ । ਨੂਰਪੁਰ ਬੇਦੀ ਵਿਖੇ ਚੱਕਾ ਜਾਮ ਦੌਰਾਨ ਅੱਜ ਟਰੈਫਿਕ ਬਸਤਾ ਪੂਰੀ ਤਰ੍ਹਾਂ ਲੜਖੜਾ ਗਈ ਸੀ ਪਰ ਸਥਾਨਕ ਪੁਲਿਸ ਪ੍ਰਸ਼ਾਸਨ ਥਾਣਾ ਮੁੱਖੀ ਰੋਹਿਤ ਸ਼ਰਮਾ ਗਵਾਹੀ ਵਿਚ ਪੁਲਿਸ ਮੁਲਾਜ਼ਮਾ ਵੱਲੋਂ ਡਾਈਵਰਟ ਰੂਟ ਬਣਾ ਕੇ ਸਥਿਤੀ ਨੂੰ ਸੰਭਾਲੇ ਰੱਖਿਆ।