ਪਸ਼ੂ-ਪ੍ਰੇਮੀਆਂ ਤੋਂ ਮਦਦ ਦੀ ਉਡੀਕ ਕਰ ਰਿਹੈ ਜ਼ਖ਼ਮੀ ਸਾਨ੍ਹ
ਤਿੰਨ ਦਿਨਾਂ ਤੋਂ ਸੜਕ ਕਿਨਾਰੇ ਤੜਫ਼ਦਾ ਜ਼ਖਮੀ ਸਾਨ੍ਹ ਕਰ ਰਿਹਾ ਪ੍ਰਸ਼ਾਸਨ ਅਤੇ ਪਸ਼ੂ-ਪ੍ਰੇਮੀ ਸੰਸਥਾਵਾਂ ਵੱਲੋਂ ਮਦਦ ਦੀ ਉਡੀਕ
Publish Date: Wed, 11 Feb 2026 04:19 PM (IST)
Updated Date: Wed, 11 Feb 2026 04:20 PM (IST)

ਦਿਨੇਸ਼ ਹੱਲਣ,ਪੰਜਾਬੀ ਜਾਗਰਣ ਨੂਰਪੁਰਬੇਦੀ : ਬੇਜ਼ੁਬਾਨ ਪਸ਼ੂਆਂ ਨਾਲ ਅੱਤਿਆਚਾਰ ਕਰਨਾ ਜਿੱਥੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਮਹਾਪਾਪ ਮੰਨਿਆ ਜਾਂਦਾ ਹੈ, ਉੱਥੇ ਕਾਨੂੰਨੀ ਤੌਰ ‘ਤੇ ਵੀ ਇਹ ਗੰਭੀਰ ਅਪਰਾਧ ਹੈ। ਇਸਦੇ ਬਾਵਜੂਦ ਖੇਤਰ ਦੇ ਪਿੰਡ ਕਲਵਾਂ ਪੁਲਿਸ ਚੌਂਕੀ ਤੋਂ ਕੁਝ ਹੀ ਦੂਰੀ ‘ਤੇ ਕਾਹਲੋ ਫਿਲਿੰਗ ਸਟੇਸ਼ਨ ਦੇ ਨੇੜੇ ਸੜਕ ਕਿਨਾਰੇ ਇਕ ਸਾਨ੍ਹ ਪਿਛਲੇ ਤਿੰਨ ਦਿਨਾਂ ਤੋਂ ਜ਼ਖਮੀ ਹਾਲਤ ਵਿਚ ਪਿਆ ਮਦਦ ਦੀ ਉਡੀਕ ਕਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਰਾਤ ਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਸੜਕ ਕਿਨਾਰੇ ਘੁੰਮ ਰਹੇ ਇਸ ਅਵਾਰਾ ਸਾਨ੍ਹ ਨੂੰ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਸਾਨ੍ਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਤਦੋਂ ਤੋਂ ਉਹ ਬੇਸਹਾਰਾ ਹਾਲਤ ਵਿਚ ਸੜਕ ਕਿਨਾਰੇ ਪਿਆ ਹੈ ਅਤੇ ਦਰਦ ਨਾਲ ਕਰਾਹ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਅਨੇਕਾਂ ਵਾਹਨ ਚਾਲਕ ਅਤੇ ਰਾਹਗੀਰ ਉਥੋਂ ਲੰਘਦੇ ਹਨ। ਹਰ ਕੋਈ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਚਾਲਕ ਨੂੰ ਕੋਸਦਾ ਤਾਂ ਹੈ, ਪਰ ਹਕੀਕਤ ਇਹ ਹੈ ਕਿ ਹੁਣ ਤੱਕ ਕਿਸੇ ਵੱਲੋਂ ਡਾਕਟਰੀ ਸਹਾਇਤਾ ਜਾਂ ਪਸ਼ੂ ਐਂਬੂਲੈਂਸ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਜਦਕਿ ਸਮੇਂ ਸਿਰ ਇਲਾਜ ਮਿਲਣ ਨਾਲ ਇਸ ਬੇਜੁਬਾਨ ਜੀਵ ਦੀ ਜ਼ਿੰਦਗੀ ਬਚ ਸਕਦੀ ਹੈ। ਇਸ ਘਟਨਾ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਪਸ਼ੂ-ਸੁਰੱਖਿਆ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਖੇਤਰ ਦੇ ਵੱਖ-ਵੱਖ ਸਮਾਜਿਕ ਕਾਰਕੁਨਾਂ ਅਤੇ ਨਿਵਾਸੀਆਂ ਨੇ ਪਸ਼ੂ ਪਾਲਣ ਵਿਭਾਗ, ਗਊ-ਸੇਵਾ ਸੰਸਥਾਵਾਂ ਅਤੇ ਪਸ਼ੂ-ਪ੍ਰੇਮੀ ਸੰਗਠਨਾਂ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜ਼ਖਮੀ ਸਾਨ੍ਹ ਨੂੰ ਫੌਰੀ ਤੌਰ ‘ਤੇ ਵੈਟਰਨਰੀ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ।