ਦੇਸ਼ ਵਿਆਪੀ ਹੜਤਾਲ ਨੂੰ ਇਤਿਹਾਸਕ ਬਣਾਉਣ ਦਾ ਲਿਆ ਸੰਕਲਪ
ਕਿਸਾਨ ਅਤੇ ਟ੍ਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਦੇਸ਼ ਵਿਆਪੀ ਹੜਤਾਲ ਨੂੰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ
Publish Date: Tue, 10 Feb 2026 05:06 PM (IST)
Updated Date: Tue, 10 Feb 2026 05:08 PM (IST)

ਪੱਤਰ ਪ੍ਰੇਰਕ , ਪੰਜਾਬੀ ਜਾਗਰਣ , ਨੂਰਪੁਰਬੇਦੀ : 12 ਫਰਵਰੀ ਨੂੰ ਟ੍ਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਸਬੰਧੀ ਨੂਰਪੁਰਬੇਦੀ ਵਿਖੇ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਕਿਸਾਨ ਜਥੇਬੰਦੀਆਂ ਅਤੇ ਟ੍ਰੇਡ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਗ ਲੈ ਕੇ ਧਰਨੇ ਦੀ ਤਿਆਰੀ ’ਤੇ ਵਿਚਾਰ-ਵਟਾਂਦਰਾ ਕੀਤਾ। ਆਗੂਆਂ ਨੇ ਇਕ ਸੁਰ ’ਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਲੇਬਰ ਕੋਡ, ਮਨਰੇਗਾ ਕਾਨੂੰਨ ’ਚ ਕੀਤੀਆਂ ਤਬਦੀਲੀਆਂ, ਬਿਜਲੀ ਬਿਲ 2025 ਅਤੇ ਸੀਡ ਬਿਲ 2025 ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਅਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ, ਜਿਸ ਦੇ ਵਿਰੋਧ ’ਚ ਸਾਂਝਾ ਸੰਘਰਸ਼ ਜ਼ਰੂਰੀ ਹੈ। ਆਗੂਆਂ ਨੇ ਕਿਹਾ ਕਿ ਮਨਰੇਗਾ ਅਧੀਨ ਦਿਹਾੜੀਆਂ ਘਟਾਉਣ, ਕੰਮ ਦੇ ਦਿਨ ਘਟਾਉਣ ਅਤੇ ਭੁਗਤਾਨ ’ਚ ਦੇਰੀ ਕਾਰਨ ਗਰੀਬ ਵਰਗ ਪਹਿਲਾਂ ਹੀ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਇਸੇ ਤਰ੍ਹਾਂ ਬਿਜਲੀ ਬਿਲ 2025 ਰਾਹੀਂ ਬਿਜਲੀ ਨੂੰ ਮਹਿੰਗਾ ਕਰਨ ਅਤੇ ਨਿੱਜੀਕਰਨ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਮਨਰੇਗਾ ਕਰਮਚਾਰੀਆਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 12 ਫਰਵਰੀ ਨੂੰ ਨੂਰਪੁਰਬੇਦੀ ਬੱਸ ਸਟੈਂਡ ਵਿਖੇ ਲੱਗਣ ਵਾਲੇ ਧਰਨੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ। ਬੈਠਕ ’ਚ ਜਮਹੂਰੀ ਕਿਸਾਨ ਸਭਾ ਤੋਂ ਧਰਮਪਾਲ ਸੈਣੀ, ਜੀ.ਟੀ.ਯੂ. ਤੋਂ ਗੁਰਵਿੰਦਰ ਸਿੰਘ ਸਸਕੌਰ, ਕਿਰਤੀ ਕਿਸਾਨ ਮੋਰਚਾ ਤੋਂ ਬਲਵੀਰ ਸਿੰਘ ਰਾਏਪੁਰ ਅਤੇ ਕੁੱਲ ਹਿੰਦ ਕਿਸਾਨ ਸਭਾ ਤੋਂ ਸੋਮ ਸਿੰਘ ਕਰਤਾਰਪੁਰ ਹਾਜ਼ਰ ਸਨ।