ਹੋਲਾ ਮਹੱਲੇ ’ਤੇ ਰੰਗਾਂ ’ਤੇ ਪਾਬੰਦੀ, ਜਥੇਦਾਰ ਅਤੇ ਪ੍ਰਸ਼ਾਸਨ ਇੱਕਸੁਰ
ਹੋਲਾ ਮਹੱਲਾ ਦੌਰਾਨ ਅਨੰਦਪੁਰ ਸਾਹਿਬ ਵਿਚ ਰੰਗਾਂ ’ਤੇ ਪਾਬੰਦੀ, ਜਥੇਦਾਰ ਸਿੰਘ ਸਾਹਿਬ ਅਤੇ ਪ੍ਰਸ਼ਾਸਨ ਇੱਕਸੁਰ
Publish Date: Tue, 10 Feb 2026 04:18 PM (IST)
Updated Date: Tue, 10 Feb 2026 04:20 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪਸ਼ਟ ਕੀਤਾ ਹੈ ਕਿ ਹੋਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਕਿਸੇ ਵੀ ਕਿਸਮ ਦਾ ਰੰਗ ਸੁੱਟਣਾ, ਵੇਚਣਾ ਜਾਂ ਵਰਤਣਾ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੰਗਤ ਉੱਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਹੈ ਅਤੇ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ, ਜਿਸ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿਚ ਭਗਤੀ ਅਤੇ ਸ਼ਕਤੀ ਦਾ ਸੰਤੁਲਨ ਬਣਾਉਣ, ਖਾਲਸੇ ਦੀ ਵਿਲੱਖਣ ਹੋਂਦ ਦਰਸਾਉਣ ਅਤੇ ਸ਼ਸਤਰ ਵਿਦਿਆ ਦੇ ਅਭਿਆਸ ਲਈ ਕੀਤੀ ਸੀ। ਗੁਰਦੁਆਰਾ ਸ੍ਰੀ ਹੋਲਗੜ੍ਹ ਸਾਹਿਬ ਤੋਂ ਨਿਕਲਣ ਵਾਲੇ ਮਹੱਲੇ ਸਿੱਖ ਇਤਿਹਾਸ ਅਤੇ ਪਰੰਪਰਾ ਦਾ ਅਟੁੱਟ ਅੰਗ ਹਨ, ਜਿਨ੍ਹਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਖਾਲਸਾ ਪੰਥ ਸਦਾ ਹੀ ਖਾਲਸਾਈ ਜਾਹੋ ਜਲਾਲ ਨਾਲ ਮਨਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸੰਗਤ ਵੱਲੋਂ ਲਿਖਤੀ ਤੌਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਹੋਲਾ ਮਹੱਲਾ ਦੌਰਾਨ ਕੁਝ ਲੋਕ ਬੇਤਹਾਸਾ ਰੰਗ ਸੁੱਟਦੇ ਹਨ, ਜਿਸ ਨਾਲ ਇਸ ਮਹਾਨ ਤਿਉਹਾਰ ਨੂੰ ਹੌਲੀ ਹੌਲੀ ਹੋਲੀ ਦੇ ਰੂਪ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੁਰੂ ਸਾਹਿਬ ਦੀ ਮਰਯਾਦਾ ਅਤੇ ਸਿੱਖ ਰਿਵਾਇਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਹੰਗ ਫੌਜਾਂ ਆਪਣੇ ਮਹੱਲਿਆਂ ਦੌਰਾਨ ਆਪਸੀ ਰੂਪ ਵਿਚ ਗੁਲਾਲ ਦੀ ਪਰੰਪਰਾ ਨਿਭਾਉਂਦੀਆਂ ਹਨ, ਪਰ ਆਮ ਸੰਗਤ ਜਾਂ ਸ਼ਰਧਾਲੂਆਂ ਉੱਤੇ ਰੰਗ ਸੁੱਟਣਾ ਕਦੇ ਵੀ ਸਿੱਖ ਰੀਤ ਦਾ ਹਿੱਸਾ ਨਹੀਂ ਰਿਹਾ। ਸਿੰਘ ਸਾਹਿਬ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਹੋਲਾ ਮਹੱਲਾ ਮਨਾਉਣ ਲਈ ਅਨੰਦਪੁਰ ਸਾਹਿਬ ਆਉਣ, ਪਰ ਗੁਰੂ ਵੱਲੋਂ ਦਿੱਤੀਆਂ ਖਾਲਸਾਈ ਰਵਾਇਤਾਂ ਅਤੇ ਮਰਯਾਦਾ ਅਨੁਸਾਰ ਹੀ ਇਸ ਪਾਵਨ ਤਿਉਹਾਰ ਨੂੰ ਮਨਾਇਆ ਜਾਵੇ। ਰੰਗ ਗੁਲਾਲ ਨੂੰ ਕੀਤਾ ਜਾਵੇਗਾ ਸੀਲ ਇਸ ਸਬੰਧੀ ਜਦੋਂ ਡੀਐਸਪੀ ਜਸ਼ਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਧਾਰਮਿਕ ਤੌਰ ’ਤੇ ਸਭ ਲਈ ਸਤਿਕਾਰਯੋਗ ਹਨ ਅਤੇ ਉਹ ਜਿਹੜੀ ਵੀ ਗਾਈਡਲਾਈਨ ਦਿੰਦੇ ਹਨ, ਉਸ ਅਨੁਸਾਰ ਹੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਡੀਸੀ ਸਾਹਿਬ ਨਾਲ ਵੀ ਗੱਲਬਾਤ ਕਰਕੇ ਅਗਲੇ ਕਦਮ ਚੁੱਕੇ ਜਾਣਗੇ। ਡੀਐਸਪੀ ਜਸ਼ਨਦੀਪ ਸਿੰਘ ਨੇ ਸਪਸ਼ਟ ਕੀਤਾ ਕਿ ਹੋਲਾ ਮਹੱਲਾ ਦੌਰਾਨ ਅਨੰਦਪੁਰ ਸਾਹਿਬ ਵਿਚ ਰੰਗ ਵੇਚਣ, ਸੁੱਟਣ ਜਾਂ ਕਿਸੇ ਵੀ ਤਰ੍ਹਾਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਅਤੇ ਜਿੱਥੇ ਵੀ ਰੰਗ ਵੇਚਿਆ ਜਾਂਦਾ ਮਿਲਿਆ, ਉਸ ਸਥਾਨ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇਗਾ।