ਲਾਪਤਾ ਨੌਜਵਾਨ ਦਾ 9 ਦਿਨ ਬਾਅਦ ਵੀ ਨਹੀਂ ਮਿਲਿਆ ਸੁਰਾਗ
ਪਿੰਡ ਬਰੂਵਾਲ ਦੇ ਭੇਦ ਭਰੀ ਹਾਲਤ ਵਿਚ ਲਾਪਤਾ ਹੋਏ ਨੌਜਵਾਨ ਲਵਪ੍ਰੀਤ ਸਿੰਘ ਦਾ 9 ਦਿਨਾਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ
Publish Date: Tue, 10 Feb 2026 04:15 PM (IST)
Updated Date: Tue, 10 Feb 2026 04:17 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਪਿੰਡ ਬਰੂਵਾਲ ਦੇ ਦਾਬਵਾਲ ਵਾਸ ਦਾ ਇੱਕ ਨੌਜਵਾਨ ਲਵਪ੍ਰੀਤ ਸਿੰਘ 31 ਜਨਵਰੀ ਤੋਂ ਭੇਦ ਭਰੀ ਹਾਲਤ ਵਿਚ ਲਾਪਤਾ ਹੈ ਜਿਸ ਦਾ ਨੌ ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਰੂਵਾਲ ਦਾਬਵਾਲ ਵਾਸ ਦੀ ਵਸਨੀਕ ਕਿਰਨਾ ਪਤਨੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਪੁੱਤਰ ਹਨ ਅਤੇ ਛੋਟਾ ਪੁੱਤਰ ਲਵਪ੍ਰੀਤ ਸਿੰਘ, ਜਿਸਦੀ ਉਮਰ ਕਰੀਬ 19 ਸਾਲ ਹੈ, ਬਾਰਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਚਾਚੇ ਮੰਗਲ ਸਿੰਘ ਨਾਲ ਮੱਸੇਵਾਲ ਵਿਖੇ ਰਿਫਲੈਕਟਰਾ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਲਵਪ੍ਰੀਤ ਸਿੰਘ 31 ਜਨਵਰੀ 2026 ਨੂੰ ਸਵੇਰੇ ਕਰੀਬ 10 ਵਜੇ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਜਾਣ ਲਈ ਘਰੋਂ ਨਿਕਲਿਆ ਸੀ, ਪਰ ਨਾ ਤਾਂ ਉਹ ਦੁਕਾਨ ‘ਤੇ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਉਸ ਦਾ ਮੋਬਾਈਲ ਫੋਨ ਵੀ ਉਸ ਦਿਨ ਤੋਂ ਬੰਦ ਆ ਰਿਹਾ ਹੈ। ਪਰਿਵਾਰ ਵੱਲੋਂ ਰਿਸ਼ਤੇਦਾਰਾਂ ਅਤੇ ਜਾਣ-ਪਹਿਚਾਣ ਵਾਲਿਆਂ ਕੋਲ ਉਸ ਦੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਾ ਮਿਲਣ ਕਾਰਨ ਇਸ ਸਬੰਧੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਗੁਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਲਵਪ੍ਰੀਤ ਸਿੰਘ ਘਰੋਂ ਗਿਆ ਸੀ, ਉਸ ਨੇ ਨੀਲੀ ਹੁੱਡੀ, ਲੋਅਰ ਅਤੇ ਕਾਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ। ਉਸ ਦੀ ਸੱਜੇ ਹੱਥ ਦੀ ਪਹਿਲੀ ਉਂਗਲੀ ਵੀ ਕੁਝ ਕੱਟੀ ਹੋਈ ਹੈ। ਕੀ ਕਹਿਣਾ ਹੈ ਥਾਣਾ ਮੁੱਖੀ ਦਾ- ਇਸ ਸਬੰਧੀ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲਵਪ੍ਰੀਤ ਸਿੰਘ ਦੀ ਗੁਮਸ਼ੁਦਗੀ ਦੀ ਰਪਟ ਪਾਈ ਹੋਈ ਹੈ। ਲਾਪਤਾ ਨੌਜਵਾਨ ਦੇ ਇਸ਼ਤਿਹਾਰ ਪੋਸਟਰ ਪੰਜਾਬ ਅਤੇ ਦੂਸਰੇ ਰਾਜਾਂ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ ਭਾਖੜਾ ਨਹਿਰ ਦੀਆਂ ਝਾਲਾਂ ਤੇ ਵੀ ਮੌਜੂਦ ਮੁਲਾਜ਼ਮਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਪਰ ਹੁਣ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗਾ ਹੈ।