ਅਧਿਆਪਕ ਜਥੇਬੰਦੀ ਨੇ ਕੈਬਨਿਟ ਮੰਤਰੀ ਕੋਲ ਰੱਖੀਆਂ ਮੰਗਾਂ
ਏਡਿਡ ਸਕੂਲ ਅਧਿਆਪਕ ਜਥੇਬੰਦੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਰੱਖੀਆਂ ਅਹਿਮ ਮੰਗਾਂ’
Publish Date: Fri, 06 Feb 2026 05:32 PM (IST)
Updated Date: Fri, 06 Feb 2026 05:35 PM (IST)

ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਏਡਿਡ ਸਕੂਲ ਅਧਿਆਪਕ ਯੂਨੀਅਨ ਦੀ ਅੱਜ ਕੈਬਨਿਟ ਸਬ ਕਮੇਟੀ ਦੇ ਸੱਦੇ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੀਟਿੰਗ ਹੋਈ ।ਇਸ ਮੀਟਿੰਗ ਵਿਚ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਵਿਚ ਮਿਲਿਆ।ਇਸ ਮੌਕੇ ਡੀ.ਪੀ.ਆਈ ਸੈਕੰਡਰੀ ਗੁਰਿੰਦਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਯੂਨੀਅਨ ਦੇ ਸੂਬਾ ਪ੍ਰ੍ਰੈਸ ਸਕੱਤਰ ਹਰਦੀਪ ਸਿੰਘ ਰੋਪੜ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮੰਤਰੀ ਨੂੰ ਏਡਿਡ ਸਕੂਲਾਂ ਦੇ ਜ਼ਿਲ੍ਹਾ ਤਰਨਤਾਰਨ, ਮੁਕਤਸਰ ਸਾਹਿਬ, ਫਾਜ਼ਿਲਕਾ, ਕਪੂਰਥਲਾ, ਬਰਨਾਲਾ, ਨਵਾਂਸ਼ਹਿਰ ਅਤੇ ਲੁਧਿਆਣਾ ਦੀ ਮਈ 2025 ਤੋਂ ਤਨਖਾਹ ਗ੍ਰਾਂਟ ਜਾਰੀ ਨਾ ਕਰਨ ਅਤੇ ਜਾਰੀ ਤਨਖਾਹਾਂ ਦਾ ਬਜਟ ਨਾ ਪਾਉਣ ਬਾਰੇ ਮੰਤਰੀ ਨੂੰ ਦੱਸਿਆ ਗਿਆ। ਯੂਨੀਅਨ ਆਗੂਆਂ ਵਲੋਂ ਪੰਜਾਬ ਦੇ ਏਡਿਡ ਸਕੂਲਾਂ ਵਿਚ ਕੰਮ ਕਰਦੇ ਕਰੀਬ ਡੇਢ ਹਜ਼ਾਰ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਦੂਜੇ ਰਾਜਾਂ ਦੀ ਤਰਜ਼ ਤੇ ਮਰਜ਼ ਕਰਨ ਦੀ ਮੰਗ ਵੀ ਰੱਖੀ।ਸਿੰਗਲ ਮੈਨੇਜਮੈਂਟ ਵਾਲੇ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ ਨੂੰ ਸਹਿਮਤੀ ਅਨੁਸਾਰ ਦੂਜੇ ਸਕੂਲਾਂ ਵਿਚ ਟਰਾਂਸਫਰ ਕਰਨ ਅਤੇ ਹਰਿਆਣਾ ਦੀ ਤਰਜ਼ ਤੇ ਏਡਿਡ ਸਟਾਫ ਦੀ ਤਨਖਾਹ ਹਰ ਮਹੀਨੇ ਦੀ 7 ਤਰੀਕ ਤੱਕ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਨ ਦੀ ਮੰਗ ਵੀ ਕੀਤੀ ਗਈ ।ਸੀ.ਐਂਡ.ਵੀ ਅਧਿਆਪਕਾਂ ਦੇ ਬਣਦੇ ਹੱਕ ਅਨੁਸਾਰ 4400 ਗਰੇਡ ਪੇਅ ਨਾਲ ਰੁਕੀਆਂ ਤਨਖਾਹਾਂ ਤੇ ਪੈਨਸ਼ਨਰੀ ਲਾਭ ਜਲਦ ਜਾਰੀ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ।ਯੂਨੀਅਨ ਆਗੂਆਂ ਨੇ ਏਡਿਡ ਸਕੂਲਾਂ ਵਿਚ ਪੜ੍ਹਦੇ ਕਰੀਬ 1.75 ਲੱਖ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਵਰਦੀਆਂ ਤੇ ਵਿਦਿਅਕ ਟੂਰ ਦਾ ਲਾਭ ਦੇਣ ਤੋਂ ਇਲਾਵਾ ਪੈਨਸ਼ਨਰਾਂ ਨੂੰ ਸਰਕਾਰੀ ਪੈਨਸ਼ਨਰਾਂ ਵਾਲੇ ਸਾਰੇ ਲਾਭ ਦੇਣ ਦੀ ਮੰਗ ਵੀ ਰੱਖੀ ਗਈ।ਇਸ ਮੌਕੇ ਵੱਖ ਵੱਖ ਪੱਤਰਾਂ ਦੀਆਂ ਕਾਪੀਆਂ ਵੀ ਮੰਤਰੀ ਨੂੰ ਸੌਂਪੀਆਂ ਗਈਆਂ । ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਮੈਡੀਕਲ ਅਤੇ ਮਕਾਨ ਕਿਰਾਇਆ ਭੱਤਾ ਵੀ ਜਲਦ ਜਾਰੀ ਕੀਤਾ ਜਾਵੇ। ਇਸ ਮੌਕੇ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।ਉਹਨਾਂ ਇਸ ਸਬੰਧੀ ਜਲਦ ਪੂਰੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਬੁਲਾਉਣ ਬਾਰੇ ਵੀ ਭਰੋਸਾ ਦਿੱਤਾ। ਇਸ ਮੌਕੇ ਗੁਰਚਰਨ ਸਿੰਘ ਚਾਹਲ, ਐਨ.ਐਨ.ਸੈਣੀ, ਮਨੂੰ ਮਟਕਣ, ਅਸ਼ੋਕ ਵਡੇਹਰਾ ਅਤੇ ਐਬਿਟ ਮਸੀਹ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਸਕੂਲਾਂ ਨਾਲ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਤਰੁੰਤ ਪੂਰੇ ਕਰੇ।