- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਲਾ ਮਹੱਲਾ ਦੀ ਮਰਿਆਦਾ ਕਾਇਮ ਰੱਖਣਾ ਪ੍ਰਸ਼ਾਸਨ ਅੱਗੇ ਵੱਡੀ ਚੁਣੌਤੀ

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ
ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਲਾ ਮਹੱਲਾ ਦੇ ਪ੍ਰਬੰਧਾਂ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ਾਸਨ ਦੇ ਸਾਹਮਣੇ ਕਈ ਗੰਭੀਰ ਚੁਣੌਤੀਆਂ ਖੜ੍ਹੀਆਂ ਹਨ। ਖਾਸ ਕਰਕੇ ਟਰੈਕਟਰਾਂ ‘ਤੇ ਵੱਡੇ ਸਪੀਕਰ ਲਗਾ ਕੇ ਹੱਦ ਤੋਂ ਵੱਧ ਨੌਜਵਾਨਾਂ ਦਾ ਸਵਾਰ ਹੋਣਾ, ਬੁਲੇਟ ਮੋਟਰਸਾਈਕਲਾਂ ‘ਤੇ ਤਿੰਨ-ਤਿੰਨ ਅਤੇ ਚਾਰ-ਚਾਰ ਨੌਜਵਾਨਾਂ ਦੀ ਸਵਾਰੀ, ਬੁਲੇਟਾਂ ਤੋਂ ਪਟਾਕੇ ਮਾਰਨੇ, ਹੋਲੇ ਮਹੱਲੇ ਵਿੱਚ ਮੰਗਤਿਆਂ ਦਾ ਵੱਡੀ ਗਿਣਤੀ ਵਿੱਚ ਪੁੱਜਣਾ ਤੇ ਸੰਗਤਾਂ ਨੂੰ ਪਰੇਸ਼ਾਨ ਕਰਨਾ, ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਜੇਬਾਂ ਕਟ ਹੋਣੀਆਂ, ਸੰਗਤਾਂ ਦਾ ਕਈ ਕਈ ਘੰਟੇ ਜਾਮ ਵਿੱਚ ਫਸੇ ਰਹਿਣਾ, ਇਸ ਦੇ ਨਾਲ ਹੀ ਕੁਝ ਨੌਜਵਾਨਾਂ ਵੱਲੋਂ ਸ਼ਰਧਾਲੂਆਂ ਦੀਆਂ ਟੋਪੀਆਂ ਉਤਾਰ ਕੇ ਉਨ੍ਹਾਂ ਨੂੰ ਬਰਛੀਆਂ ‘ਤੇ ਟੰਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਹਰ ਵਾਰ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਾਰੇ ਪ੍ਰਬੰਧ ਮੁਕੰਮਲ ਹਨ, ਪਰ ਹਕੀਕਤ ਵਿੱਚ ਸੰਗਤਾਂ ਨੂੰ ਅਕਸਰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਸ਼ਾਸਨ ਵੱਲੋਂ ਹਰ ਸਾਲ ਰੰਗ-ਗੁਲਾਲ ‘ਤੇ ਪਾਬੰਦੀ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਪਿਛਲੇ ਸਾਲ ਹੋਲੇ ਮਹੱਲੇ ਦੌਰਾਨ ਹੱਦੋਂ ਵੱਧ ਰੰਗ-ਗੁਲਾਲ ਦੀ ਵਰਤੋਂ ਨੇ ਸ਼ਹੀਦਾਂ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਨੂੰ ਰੰਗਾਂ ਦੀ ਧਰਤੀ ਵਿੱਚ ਤਬਦੀਲ ਕਰ ਦਿੱਤਾ। ਕੁਝ ਨੌਜਵਾਨਾਂ ਵੱਲੋਂ ਵੱਡੀ ਮਾਤਰਾ ਵਿੱਚ ਰੰਗ ਵਰਤ ਕੇ ਹੋਲੀ ਖੇਡਣੀ, ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਇਸ ਜੋੜ ਮੇਲੇ ਨਾਲ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਮੰਨੀ ਜਾ ਸਕਦੀ। ਇਸ ਤੋਂ ਇਲਾਵਾ ਖਾਲਸੇ ਦੇ ਇਸ ਪਾਵਨ ਤਿਉਹਾਰ ਮੌਕੇ ਹਰ ਤਰ੍ਹਾਂ ਦੇ ਨਸ਼ਿਆਂ ‘ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਰੇਆਮ ਭੰਗ ਦੀਆਂ ਟਿੱਕੀਆਂ ਅਤੇ ਸੁੱਖੇ ਦੀ ਵਰਤੋਂ ਹੋਣੀ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹੋਲਾ ਮਹੱਲਾ ਦੌਰਾਨ ਕਈ ਥਾਵਾਂ ‘ਤੇ ਫੜੀਆਂ ਲਗਾ ਕੇ ਭੰਗ ਦੀਆਂ ਟਿੱਕੀਆਂ ਅਤੇ ਸੁੱਖਾ ਵੇਚਿਆ ਜਾਂਦਾ ਹੈ, ਜੋ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਪਾਵਨ ਤਿਉਹਾਰ ਦੀ ਪਵਿਤਰਤਾ ‘ਤੇ ਸਵਾਲ ਖੜ੍ਹੇ ਕਰਦਾ ਹੈ।
ਹੁਣ ਤੋਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਹੋਲਾ ਮਹੱਲਾ ਨੂੰ ਸੈਕਟਰਾਂ ਵਿੱਚ ਵੰਡ ਕੇ ਵੱਖ-ਵੱਖ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਬਾਠ, ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ, ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹੋਲਾ ਮਹੱਲੇ ਦੌਰਾਨ ਸੰਗਤਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਪਸਰ ਰਹੀਆਂ ਇਨ੍ਹਾਂ ਕੁਰੀਤੀਆਂ ‘ਤੇ ਸਖ਼ਤ ਕੰਟਰੋਲ ਕੀਤਾ ਜਾਵੇ, ਤਾਂ ਜੋ ਦੂਰ-ਦਰਾਜ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਔਖਆਈ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਮਹਾਨ ਤਿਉਹਾਰ ਆਪਣੀ ਅਸਲੀ ਰੂਹ ਅਤੇ ਮਰਯਾਦਾ ਅਨੁਸਾਰ ਮਨਾਇਆ ਜਾ ਸਕੇ।
ਸੰਗਤਾਂ ਲਈ ਹੋਣਗੇ ਢੁਕਵੇਂ ਪ੍ਰਬੰਧ : ਡੀਐਸਪੀ
ਇਸ ਸਬੰਧੀ ਜਦੋਂ ਡੀਐਸਪੀ ਜਸ਼ਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੰਗਤਾਂ ਲਈ ਢੁਕਵੇ ਪ੍ਰਬੰਧ ਕਰਨਾ ਸਾਡਾ ਫਰਜ਼ ਹੈ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਬਹੁਤ ਹੀ ਸੁਖਾਵੇਂ ਤੇ ਵਧੀਆ ਮਾਹੌਲ ਦੇ ਵਿੱਚ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਡੀਐਸਪੀ ਜਸ਼ਨਦੀਪ ਸਿੰਘ, ਕੁਲਵੰਤ ਸਿੰਘ ਬਾਠ, ਰਤਨ ਕੁਮਾਰ ਧਨੇੜਾ, ਕੁਲਵਿੰਦਰ ਕੌਰ, ਜਸਵਿੰਦਰ ਸਿੰਘ ਢਿੱਲੋ।