ਦੁੱਧ ਦੇ ਖਰੀਦ ਰੇਟਾਂ ’ਚ ਭਾਰੀ ਕਟੌਤੀ ਖ਼ਿਲਾਫ਼ ਦੁੱਧ ਉਤਪਾਦਕਾਂ ਦਾ ਫੁੱਟਿਆ ਗੁੱਸਾ
ਦੁੱਧ ਦੇ ਖਰੀਦ ਰੇਟਾਂ ’ਚ ਭਾਰੀ ਕਟੌਤੀ ਖ਼ਿਲਾਫ਼ ਦੁੱਧ ਉਤਪਾਦਕਾਂ ਦਾ ਫੂਟਿਆ ਗੁੱਸਾ
Publish Date: Thu, 05 Feb 2026 06:21 PM (IST)
Updated Date: Thu, 05 Feb 2026 06:23 PM (IST)

ਰੇਟ ਤੁਰੰਤ ਬਹਾਲ ਨਾ ਹੋਣ ’ਤੇ 12 ਫਰਵਰੀ ਨੂੰ ਨੂਰਪੁਰਬੇਦੀ ਵਿਖੇ ਚੱਕਾ ਜਾਮ ਕਰਨ ਦੀ ਖੁੱਲ੍ਹੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋਂ ਦੁੱਧ ਦੇ ਖਰੀਦ ਰੇਟਾਂ ’ਚ ਕੀਤੀ ਗਈ ਅਚਾਨਕ ਅਤੇ ਗ਼ੈਰ-ਇਨਸਾਫ਼ੀ ਕਟੌਤੀ ਖ਼ਿਲਾਫ਼ ਬਲਾਕ ਨੂਰਪੁਰਬੇਦੀ ਦੇ ਦੁੱਧ ਉਤਪਾਦਕਾਂ ’ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਸਬੰਧੀ ਅੱਜ ਗੁਰਦੁਆਰਾ ਬਾਣਗੜ੍ਹ ਜੇਤੇਵਾਲ ਸਾਹਿਬ ਵਿਖੇ ਦੁੱਧ ਉਤਪਾਦਕਾਂ ਦੀ ਇੱਕ ਤਿੱਖੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੌਰਾਨ ਸਰਕਾਰ ਅਤੇ ਸਹਿਕਾਰਤਾ ਵਿਭਾਗ ਖ਼ਿਲਾਫ਼ ਖੁੱਲ੍ਹ ਕੇ ਗੁੱਸਾ ਜਤਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਮੁੱਖ ਮੰਤਰੀ ਪੰਜਾਬ ਦੇ ਅਧੀਨ ਹੋਣ ਦੇ ਬਾਵਜੂਦ ਕੇਵਲ ਇੱਕ ਮਹੀਨੇ ਦੇ ਅੰਦਰ ਹੀ ਦੁੱਧ ਦੇ ਰੇਟਾਂ ’ਚ ਲਗਭਗ 4 ਰੁਪਏ 30 ਪੈਸੇ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਕਟੌਤੀ ਕਰ ਦਿੱਤੀ ਗਈ ਹੈ, ਜੋ ਕਿ ਸਿੱਧੀ ਤਰ੍ਹਾਂ ਦੁੱਧ ਉਤਪਾਦਕਾਂ ਦੀ ਰੋਜ਼ੀ-ਰੋਟੀ ’ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਦੁੱਧ ਉਤਪਾਦਕਾਂ ਨੂੰ ਆਰਥਿਕ ਤੌਰ ’ਤੇ ਤਬਾਹੀ ਵੱਲ ਧੱਕਣ ਦੇ ਬਰਾਬਰ ਹੈ। ਦੁੱਧ ਉਤਪਾਦਕਾਂ ਨੇ ਦੱਸਿਆ ਕਿ ਪਸ਼ੂਆਂ ਦੀ ਖੁਰਾਕ, ਚਾਰਾ, ਦਵਾਈਆਂ ਅਤੇ ਹੋਰ ਜ਼ਰੂਰੀ ਖਰਚੇ ਲਗਾਤਾਰ ਆਸਮਾਨ ਛੂਹ ਰਹੇ ਹਨ, ਪਰ ਇਸਦੇ ਉਲਟ ਦੁੱਧ ਦੇ ਰੇਟ ਘਟਾ ਕੇ ਉਨ੍ਹਾਂ ਦੀ ਆਮਦਨ ਨੂੰ ਭਾਰੀ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਚੁੱਕੀ ਹੈ ਅਤੇ ਹੁਣ ਦੁੱਧ ਦੇ ਰੇਟ ਘਟਾ ਕੇ ਪੰਜਾਬ ਸਰਕਾਰ ਵੱਲੋਂ ਦੁੱਧ ਉਤਪਾਦਕਾਂ ਨਾਲ ਸਿੱਧਾ ਧੋਖਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਦੁੱਧ ਉਤਪਾਦਕਾਂ ਨੇ ਇਕਸੁਰ ਵਿਚ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਤੁਰੰਤ ਦੁੱਧ ਦੇ ਖਰੀਦ ਰੇਟ ਪਹਿਲਾਂ ਵਾਲੇ ਬਹਾਲ ਕਰੇ। ਨਾਲ ਹੀ ਉਨ੍ਹਾਂ ਸਪਸ਼ਟ ਸ਼ਬਦਾਂ ’ਚ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ’ਚ ਤੁਰੰਤ ਦਖ਼ਲ ਨਾ ਦਿੱਤਾ ਤਾਂ 12 ਫਰਵਰੀ, ਵੀਰਵਾਰ ਨੂੰ ਨੂਰਪੁਰ ਬੇਦੀ ਵਿਖੇ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਬੜਵਾ, ਰੁਪਿੰਦਰ ਸਿੰਘ ਸੰਦੋਆ, ਨਿਰਮਲ ਸਿੰਘ ਸੰਦੋਆ, ਪਰਮਜੀਤ ਸਿੰਘ ਸੰਦੋਆ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਰੂੜੇਵਾਲ, ਨਿਰਮਲ ਬੜੀਵਾਲ, ਬੋਬੀ ਬੜੀਵਾਲ, ਅਮਨਪ੍ਰੀਤ ਅਸਮਾਨਪੁਰ, ਕਸ਼ਮੀਰ ਸਿੰਘ ਮੁੰਨੇ ਸਮੇਤ ਵੱਡੀ ਗਿਣਤੀ ਵਿੱਚ ਦੁੱਧ ਉਤਪਾਦਕ ਹਾਜ਼ਰ ਸਨ।