ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ ਕਾਰਨ ਪਿੰਡ ਵਿਚ ਮਾਤਮ ਦਾ ਮਾਹੌਲ
Publish Date: Thu, 05 Feb 2026 04:44 PM (IST)
Updated Date: Thu, 05 Feb 2026 04:47 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸੜਕ ’ਤੇ ਖੜੇ ਇਕ ਟਿੱਪਰ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਘਨੌਲੀ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਜੋੜਦੀ ਹੋਈ ਸੜਕ ’ਤੇ ਪਿੰਡ ਘਨੌਲਾ ਨਜ਼ਦੀਕ ਸਰਪੰਚ ਢਾਬੇ ’ਤੇ ਖੜੇ ਟਿੱਪਰ ਵਿਚ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਨਾਲ ਜੁਝਾਰ ਸਿੰਘ ਉਮਰ 25 ਸਾਲ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਫਤਿਹਪੁਰ ਬੂੰਗਾ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਇਸ ਹਾਦਸੇ ਕਾਰਨ ਮੌਤ ਹੋ ਗਈ। ਜੂਝਾਰ ਸਿੰਘ ਜੋ ਕਿ ਢੇਰੋਵਾਲ ਸਥਿਤ ਹਿਮਾਚਲ ਪ੍ਰਦੇਸ਼ ਵਿਚ ਇੱਕ ਫੈਕਟਰੀ ਵਿਚ ਕੰਮ ਕਰਦਾ ਸੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਆਪਣੇ ਮੋਟਰਸਾਈਕਲ ਨੰਬਰ ਪੀ,ਬੀ 16 ਐਚ 0721 ’ਤੇ ਸਵਾਰ ਹੋ ਕੇ ਡਿਊਟੀ ਜਾ ਰਿਹਾ ਸੀ ਤਾਂ ਘਨੌਲਾ ਨਜ਼ਦੀਕ ਸੜਕ ’ਤੇ ਖੜੇ ਇੱਕ ਟਿੱਪਰ ਦੇ ਪਿੱਛੇ ਜਾ ਟਕਰਾਇਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਘਰ ਵਿਚ ਕਮਾਉਣ ਵਾਲਾ ਇਕੱਲਾ ਸੀ ਅਤੇ ਉਸ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਅਤੇ ਮਾਪਿਆਂ ਦਾ ਇਕੱਲਾ ਪੁੱਤਰ ਸੀ। ਮੌਤ ਦੀ ਖਬਰ ਸੁਣਦੇ ਸਾਰ ਹੀ ਪਿੰਡ ਫਤਿਹਪੁਰ ਬੂੰਗਾ ਵਿਚ ਮਾਤਮ ਛਾ ਗਿਆ। ਘਨੌਲੀ ਪੁਲਿਸ ਵੱਲੋਂ ਉਕਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।