ਨੰਗਲ-ਕੀਰਤਪੁਰ ਸਾਹਿਬ 4 ਲੇਨ ਸੜਕ ਪ੍ਰੋਜੈਕਟ ਤਿਆਰ ਕਰਨ ਦੀ ਮਨਜ਼ੂਰੀ ਮਿਲੀ
ਸ਼੍ਰੀ ਕੀਰਤਪੁਰ ਸਾਹਿਬ ਨੰਗਲ ਤੱਕ ਮੁੱਖ ਮਾਰਗ ਨੂੰ ਚੌੜਾ ਕਰਨ ’ਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ
Publish Date: Tue, 03 Feb 2026 06:19 PM (IST)
Updated Date: Tue, 03 Feb 2026 06:23 PM (IST)

ਸ਼੍ਰੀ ਕੀਰਤਪੁਰ ਸਾਹਿਬ ਨੰਗਲ ਤੱਕ ਮੁੱਖ ਮਾਰਗ ਨੂੰ ਚੌੜਾ ਕਰਨ ’ਤੇ ਦੁਕਾਨਦਾਰਾਂ ’ਚ ਸਹਿਮ ਦਾ ਮਾਹੌਲ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਮੈਹਤਪੁਰ ਤੱਕ ਸੜਕ ਨੂੰ ਚਾਰ ਮਾਰਗੀ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਨਾਲ ਮੁੱਖ ਮਾਰਗ ’ਤੇ ਦੋਵੇਂ ਪਾਸੇ ਦੁਕਾਨਾਂ ਕਰਦੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਸੈਂਕੜੇ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਦੁਕਾਨਦਾਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਜਦੋਂ ਇਸ ਸਬੰਧੀ ਦੁਕਾਨਦਾਰਾਂ ਵਿਚ ਖਬਰ ਪਹੁੰਚੀ ਤਾਂ ਉਕਤ ਦੁਕਾਨਦਾਰ ਆਪਣੀ ਦੁਕਾਨਦਾਰੀ ਨੂੰ ਲੈ ਕੇ ਚਿੰਤਤ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸੜਕ ਦੇ ਦੋਵੇਂ ਪਾਸੇ ਕਿੰਨੀ ਜਗ੍ਹਾ ਸਰਕਾਰ ਵੱਲੋਂ ਅਕਵਾਇਰ ਕੀਤੀ ਜਾਣੀ ਹੈ। ਇਸ ਸਬੰਧੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ’ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਆਪਣੇ ਇਲਾਕੇ ਦੇ ਲੋਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨੰਗਲ ਤੋਂ ਕੀਰਤਪੁਰ ਸਾਹਿਬ ਤੱਕ, ਪੰਜਾਬ ਬਾਰਡਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਜਾਂਦੀ ਤਰਸਯੋਗ ਹਾਲਤ ਸੜਕ ਨੂੰ 4 ਲੇਨ ਕਰਨ ਲਈ ਨੈਸ਼ਨਲ ਹਾਈਵੇ 205A (53 ਐਕਸਟੈਂਸ਼ਨ) ਪ੍ਰੋਜੈਕਟ ਨੂੰ ਆਖ਼ਰਕਾਰ ਮਨਜ਼ੂਰੀ ਮਿਲ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸੜਕ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਬਹੁਤ ਅਹਿਮ ਹੈ, ਕਿਉਂਕਿ ਇਸ ਰਾਹੀਂ ਮਾਤਾ ਨੈਣਾ ਦੇਵੀ, ਬਾਬਾ ਬਾਲਕ ਨਾਥ ਜੀ, ਮਾਤਾ ਚਿੰਤਪੁਰਨੀ ਜੀ ਅਤੇ ਹੋਰ ਧਾਰਮਿਕ ਅਸਥਾਨਾਂ ਤੱਕ ਪਹੁੰਚ ਹੁੰਦੀ ਹੈ। ਸ.ਬੈਂਸ ਨੇ ਦੱਸਿਆ ਕਿ ਇਸ ਸੜਕ ‘ਤੇ ਹੋ ਰਹੇ ਭਿਆਨਕ ਹਾਦਸਿਆਂ ਵਿੱਚ ਅਨੇਕਾਂ ਕੀਮਤੀ ਜਾਨਾਂ ਗੁਆਈਆਂ ਗਈਆਂ, ਜਿਸ ਕਾਰਨ ਇਹ ਪ੍ਰੋਜੈਕਟ ਇਲਾਕੇ ਦੀ ਲੰਬੇ ਸਮੇਂ ਤੋਂ ਮੰਗ ਸੀ। ਸਰਵੇ, ਲਾਈਨਿੰਗ ਅਤੇ ਸਾਰੀਆਂ ਮਨਜ਼ੂਰੀਆਂ ਲਗਾਤਾਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਅਤੇ ਨੈਸ਼ਨਲ ਹਾਈਵੇ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਮਨਿਸਟਰੀ ਦੇ ਸੀਨੀਅਰ ਅਧਿਕਾਰੀਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਪ੍ਰੋਜੈਕਟ ਦੀਆਂ ਆਖ਼ਰੀ ਰੁਕਾਵਟਾਂ ਦੂਰ ਕਰਵਾਈਆਂ ਗਈਆਂ, ਜਿਸ ਤੋਂ ਬਾਅਦ ਹੁਣ ਜ਼ਮੀਨ ਅਕਵਾਈਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਅਤੇ ਸਮਾਚਾਰ ਪੱਤਰਾਂ ਵਿਚ ਵੀ ਜਲਦ ਹੀ ਪੂਰੀ ਜਾਣਕਾਰੀ ਪ੍ਰਕਾਸ਼ਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਰਿਕਾਰਡ ਸਮੇਂ ਵਿਚ ਮੁਆਵਜ਼ਾ ਕਾਰਵਾਈ ਪੂਰੀ ਕਰਕੇ ਜ਼ਮੀਨੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸਾਲਾਂ ਤੋਂ ਇਹਨਾਂ ਦੁਕਾਨਾਂ ਤੇ ਆਪਣਾ ਕਾਰੋਬਾਰ ਕਰਕੇ ਪਰਿਵਾਰ ਪਾਲ ਰਹੇ ਸਨ ਪਰ ਹੁਣ ਨਵੀਂ ਜਗ੍ਹਾਂ ’ਤੇ ਅੱਡਾ ਜਮਾਉਣ ਲਈ ਉਹਨਾਂ ਨੂੰ ਸਾਲਾਂ ਲੱਗ ਜਾਣਗੇ। ਉਕਤ ਦੁਕਾਨਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵਿਚ ਬੇਚੈਨੀ ਪਾਈ ਜਾ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਨਹੀਂ ਪਤਾ ਕਿ ਸਰਕਾਰ ਕਿੰਨੇ ਫੁੱਟ ਕਿਸ ਪਾਸੇ ਜਗ੍ਹਾ ਅਕਵਾਇਰ ਕਰ ਰਹੀ ਹੈ। ਬੇਸ਼ੱਕ ਸੜਕ ਦੇ ਦੋਵੇਂ ਪਾਸੇ ਪਿੰਡਾਂ ਵਿੱਚ ਖਸਰਾ ਨੰਬਰ ਦਾ ਪਤਾ ਤਾਂ ਲੱਗ ਜਾਵੇਗਾ ਪਰ ਕਿੰਨੀ ਜਗਹਾ ਸਰਕਾਰ ਅਕਵਾਇਰ ਕਰ ਰਹੀ ਹੈ ਇਸ ਦਾ ਪਤਾ ਤਾਂ ਨਕਸ਼ਾ ਆਉਣ ਤੇ ਹੀ ਲੱਗੇਗਾ।