ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਨੇ ਮੁੜ ਮਚਾਈ ਹਾਹਾਕਾਰ
ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਨੇ ਮੁੜ ਮਚਾਈ ਹਾਹਾਕਾਰ
Publish Date: Sat, 31 Jan 2026 06:09 PM (IST)
Updated Date: Sat, 31 Jan 2026 06:10 PM (IST)

ਕਮਰਸ਼ੀਅਲ ਅਤੇ ਘਰੇਲੂ ਸਿਲੰਡਰ ਦੀ ਕੀਮਤ ’ਚ ਅੰਤਰ ਕਾਲਾ ਬਜ਼ਾਰੀ ਨੂੰ ਬੜਾਵਾ, ਕੀਮਤਾਂ ਘਟਾਈਆਂ ਜਾਣ ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਨੂਰਪੁਰ ਬੇਦੀ ਅਤੇ ਇਸ ਦੇ ਆਸ–ਪਾਸ ਦੇ ਇਲਾਕਿਆਂ ਵਿਚ ਕਰੀਬ ਇਕ ਮਹੀਨੇ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਸੁਚਾਰੂ ਸਪਲਾਈ ਨਾ ਮਿਲਣ ਕਾਰਨ ਆਮ ਲੋਕਾਂ ਵਿਚ ਭਾਰੀ ਰੋਸ ਅਤੇ ਪਰੇਸ਼ਾਨੀ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪਿੰਡਾਂ ਵਿਚ ਲੋਕ ਇਕ ਦੂਜੇ ਤੋਂ ਸਿਲੰਡਰ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਨਿਰੰਤਰ ਟੁੱਟ ਰਹੀ ਸਪਲਾਈ ਕਾਰਨ ਸਮੱਸਿਆ ਹੁਣ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਜਾਗਣ ਅਤੇ ਲੋਕਾਂ ਨੂੰ ਮੂਲ ਭੂਤ ਸੇਵਾਵਾਂ ਸੁਚਾਰੂ ਕਰਵਾਉਣ ਦੀ ਸਖ਼ਤ ਚੇਤਾਵਨੀ ਦਿੱਤੀ ਗਈ। ਸਥਾਨਕ ਸੱਥ ਨਾਲ ਗੱਲਬਾਤ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਕਰੀਬ ਇਕ ਦਹਾਕੇ ਬਾਅਦ ਮੁੜ ਇਲਾਕੇ ਵਿਚ ਗੈਸ ਸਪਲਾਈ ਦੀ ਭਾਰੀ ਕਿੱਲਤ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਵਿਚ ਕੰਮ ਕਰ ਰਹੀਆਂ ਦੋ ਗੈਸ ਏਜੰਸੀਆਂ ਨਾਲ ਕਰੀਬ 25 ਹਜ਼ਾਰ ਉਪਭੋਗਤਾ ਜੁੜੇ ਹੋਏ ਹਨ। ਜਨਵਰੀ ਅਤੇ ਫਰਵਰੀ ਮਹੀਨਿਆਂ ਵਿਚ ਵਿਆਹਾਂ ਅਤੇ ਧਾਰਮਿਕ ਸਮਾਗਮਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਗੈਸ ਦੀ ਕਮੀ ਆਮ ਵਰਗ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। ਰਾਣਾ ਨੇ ਦੋਸ਼ ਲਗਾਇਆ ਕਿ ਗੈਸ ਦੀ ਕਮੀ ਦਾ ਫਾਇਦਾ ਚੁੱਕ ਕੇ ਕਾਲਾਬਾਜ਼ਾਰੀ ਮੁੜ ਸਰਗਰਮ ਹੋ ਚੁੱਕੀ ਹੈ, ਜੋ ਸਰਕਾਰ ਦੀ ਨਾਕਾਮ ਨਿਗਰਾਨੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਸਥਾਨਕ ਗੈਸ ਏਜੰਸੀ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿੱਥੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹਰ ਰੋਜ਼ 500 ਤੋਂ 600 ਸਿਲੰਡਰ ਮਿਲਦੇ ਸਨ, ਪਰ ਪਿਛਲੇ ਕਰੀਬ ਇਕ ਮਹੀਨੇ ਤੋਂ ਇਹ ਗਿਣਤੀ ਘਟ ਕੇ 300 ਸਿਲੰਡਰ ਪ੍ਰਤੀ ਦਿਨ ਰਹਿ ਗਈ ਹੈ ਅਤੇ ਕਈ ਵਾਰ ਤਾਂ ਸਪਲਾਈ ਪੂਰੀ ਤਰ੍ਹਾਂ ਬੰਦ ਰਹਿੰਦੀ ਹੈ। ਏਜੰਸੀ ਪ੍ਰਬੰਧਕਾਂ ਅਨੁਸਾਰ ਜਦੋਂ ਗੈਸ ਪਲਾਂਟਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉੱਥੋਂ ਵੀ ਪਿੱਛੋਂ ਹੀ ਸਪਲਾਈ ਦੀ ਘਾਟ ਹੋਣ ਦੀ ਗੱਲ ਕਹੀ ਜਾਂਦੀ ਹੈ। ਗੌਰਵ ਰਾਣਾ ਨੇ ਕਿਹਾ ਕਿ ਸਮੇਂ ਦੇ ਨਾਲ ਸਿਸਟਮ ਅਤੇ ਏਜੰਸੀ ਮੈਨੇਜਮੈਂਟ ਨੂੰ ਆਪਣੀ ਕਾਰਜਸ਼ੈਲੀ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਸਿਲੰਡਰ ਵਪਾਰਕ ਉਦੇਸ਼ਾਂ ਲਈ ਹੁੰਦੇ ਹਨ, ਪਰ ਘਰੇਲੂ ਅਤੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਵਿਚ ਵੱਡੇ ਫਰਕ ਕਾਰਨ ਜ਼ਿਆਦਾਤਰ ਵਪਾਰੀ ਘਰੇਲੂ ਸਿਲੰਡਰਾਂ ਨੂੰ ਹੀ ਵਰਤ ਰਹੇ ਹਨ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਮਰਸ਼ੀਅਲ ਸਿਲੰਡਰਾਂ ਦੀ ਉਪਲਬਧਤਾ ਵਧਾ ਕੇ ਦੋਵਾਂ ਵਿਚਕਾਰ ਸੰਤੁਲਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਅਗਲੇ ਪੜਾਅ ਦਾ ਸੰਘਰਸ਼ ਛੇੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸ਼ਿਵ ਕੁਮਾਰ ਕਾਲਾ, ਬਲਜੀਤ ਧੀਮਾਨ, ਨਰੇਸ਼ ਕੁਮਾਰ, ਗਗਨ ਬੋਹਰਾ, ਸ਼ਾਮ ਲਾਲ, ਸੂਰਜ ਸ਼ਰਮਾ, ਜੀਵਨ ਕੁਮਾਰ, ਰਾਮ ਚੰਦ, ਭੁਪਿੰਦਰ ਸਿੰਘ ਕਾਲੂ, ਵਿਸ਼ੂ ਕੁਮਾਰ, ਕਮਲਜੀਤ ਸਿੰਘ, ਰਵਿੰਦਰ ਕੁਮਾਰ, ਅਸ਼ਵਨੀ ਸ਼ਰਮਾ ਸਮੇਤ ਵੱਖ–ਵੱਖ ਨੌਜਵਾਨ ਹਾਜ਼ਰ ਸਨ।