ਬੀਮਾ ਯੋਜਨਾ ਦੇ ਨਾਂ ’ਤੇ ਜਨਤਾ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ : ਢਿੱਲੋਂ
ਸਿਹਤ ਬੀਮਾ ਯੋਜਨਾ ਦੇ ਨਾਮ ’ਤੇ ਪਰਚੀਆਂ ਕੱਟ ਕੇ ਜਨਤਾ ਨੂੰ ਕੀਤਾ ਜਾ ਰਿਹਾ ਹੈ ਗੁਮਰਾਹ : ਬਰਿੰਦਰ ਸਿੰਘ ਢਿੱਲੋਂ
Publish Date: Wed, 28 Jan 2026 03:45 PM (IST)
Updated Date: Wed, 28 Jan 2026 03:46 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਪਾਰਟੀ ਦੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੇ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਦੀਆਂ ਪਰਚੀਆਂ ਕੱਟ ਕੇ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਬੀਮਾ ਯੋਜਨਾ ਵਰਗੀ ਸੰਵੇਦਨਸ਼ੀਲ ਸਕੀਮ ਨੂੰ ਵੀ ਸਿਆਸੀ ਲਾਭ ਲਈ ਵਰਤ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਘਰ-ਘਰ ਜਾ ਕੇ ਲੋਕਾਂ ਦੇ ਨਾਂ ’ਤੇ ਪਰਚੀਆਂ ਕੱਟ ਕੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਦਾ ਅਸਲ ਮਕਸਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਨਹੀਂ, ਸਗੋਂ ਚੋਣਾਂ ਦੇ ਸਮੇਂ ਇਸ ਡਾਟੇ ਦਾ ਗਲਤ ਇਸਤੇਮਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੂਚਿਤ ਯੋਜਨਾ ਤਹਿਤ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰਕੇ ਭਵਿੱਖ ਵਿਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਅਤੇ ਵਿਰੋਧੀ ਧਿਰਾਂ ਦੇ ਖਿਲਾਫ਼ ਸੋਸ਼ਲ ਮੀਡੀਆ ਰਾਹੀਂ ਗਲਤ ਤੇ ਭੰਡੀ ਪ੍ਰਚਾਰ ਕਰਨ ਲਈ ਵਰਤਿਆ ਜਾਵੇਗਾ। ਢਿੱਲੋਂ ਨੇ ਆਮ ਆਦਮੀ ਪਾਰਟੀ ’ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਇਹ ਸਰਕਾਰ ਜਨਤਾ ਨਾਲ ਸ਼ਰੇਆਮ ਧੋਖਾ ਕਰ ਰਹੀ ਹੈ ਅਤੇ ਲੋਕਾਂ ਦੀ ਸਾਦਗੀ ਦਾ ਨਾਜਾਇਜ਼ ਫਾਇਦਾ ਚੁੱਕ ਰਹੀ ਹੈ। ਬਰਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਹੜੀ ਸਿਹਤ ਬੀਮਾ ਯੋਜਨਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ, ਉਹ ਪੰਜਾਬ ਦੇ ਹਰ ਨਾਗਰਿਕ ਲਈ ਹੈ ਅਤੇ ਇਸ ਦਾ ਲਾਭ ਹਰ ਕਿਸੇ ਨੂੰ ਮਿਲੇਗਾ। ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਪਰਚੀਆਂ ਜਾਂ ਘਰ-ਘਰ ਆਉਣ ਵਾਲੇ ਵਲੰਟੀਅਰਾਂ ਦੇ ਝਾਂਸੇ ਵਿਚ ਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਫਾਰਮ ਨਹੀਂ ਭਰਿਆ ਜਾਂਦਾ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਤਾਂ ਉਹ ਕਾਂਗਰਸ ਪਾਰਟੀ ਨਾਲ ਸੰਪਰਕ ਕਰ ਸਕਦਾ ਹੈ। “ਅਸੀਂ ਲੋਕਾਂ ਦੇ ਫਾਰਮ ਵੀ ਭਰਵਾਵਾਂਗੇ ਅਤੇ ਉਨ੍ਹਾਂ ਦਾ ਸਿਹਤ ਬੀਮਾ ਕਾਰਡ ਵੀ ਬਣਵਾਕੇ ਦੇਵਾਂਗੇ,” ਢਿੱਲੋਂ ਨੇ ਅੰਤ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾਂ ਮੈਦਾਨ ਵਿਚ ਰਹੀ ਹੈ ਅਤੇ ਅੱਗੇ ਵੀ ਆਮ ਲੋਕਾਂ ਨਾਲ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਨਾਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਅਵਤਾਰ ਚੌਧਰੀ, ਸੀਨੀਅਰ ਕਾਂਗਰਸੀ ਆਗੂ ’ਤੇ ਸਾਬਕਾ ਸਰਪੰਚ ਕਮਲਜੀਤ ਸਿੰਘ ਚਨੋਲੀ, ਸਾਬਕਾ ਸਰਪੰਚ ਵਿਜੇ ਕੁਮਾਰ ਪਿੰਕਾ, ਰਮਨ ਸੰਧੂ ਤੇ ਹੋਰ ਹਾਜ਼ਰ ਸਨ।