ਚਾਰ ਦਿਨ ਲਗਾਤਾਰ ਬੈਂਕ ਰਹਿਣਗੇ ਬੰਦ, ਖਪਤਕਾਰਾਂ ’ਚ ਭੜਕਿਆ ਗੁੱਸਾ
ਬੈਂਕ ਹੜਤਾਲ ਨੇ ਨੂਰਪੁਰਬੇਦੀ ’ਚ ਰੋਕ ਦਿੱਤਾ ਕੰਮਕਾਜ, ਆਮ ਲੋਕ ਹੋਏ ਖੱਜਲ ਖੁਆਰ
Publish Date: Wed, 28 Jan 2026 03:43 PM (IST)
Updated Date: Wed, 28 Jan 2026 03:46 PM (IST)

ਬੈਂਕ ਹੜਤਾਲ ਨੇ ਨੂਰਪੁਰਬੇਦੀ ’ਚ ਰੋਕ ਦਿੱਤਾ ਕੰਮਕਾਜ, ਆਮ ਲੋਕ ਹੋਏ ਖੱਜਲ ਖੁਆਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸਾਂਝੇ ਸੰਗਠਨ ਦੀ ਕਾਲ ’ਤੇ ਅੱਜ ਸਰਕਾਰੀ ਬੈਂਕਾਂ ਵੱਲੋਂ ਕੀਤੀ ਗਈ ਇਕ ਦਿਨਾਂ ਹੜਤਾਲ ਨੇ ਨੂਰਪੁਰਬੇਦੀ ਖੇਤਰ ਵਿਚ ਲੋਕਾਂ ਦੀ ਜ਼ਿੰਦਗੀ ਅਸਹਿਜ ਬਣਾ ਦਿੱਤੀ। ਹੜਤਾਲ ਕਾਰਨ ਖੇਤਰ ਦੇ ਦਰਜਨ ਤੋਂ ਵੱਧ ਸਰਕਾਰੀ ਅਤੇ ਸਹਿਕਾਰੀ ਬੈਂਕਾਂ ਦੀਆਂ ਸ਼ਾਖਾਵਾਂ ਪੂਰੀ ਤਰ੍ਹਾਂ ਬੰਦ ਰਹੀਆਂ, ਜਿਸ ਨਾਲ ਆਮ ਲੋਕਾਂ, ਖਪਤਕਾਰਾਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ’ਤੇ ਲੋਕ ਭਾਰੀ ਖੱਜਲ ਖੁਆਰ ਹੋਏ। ਬੈਂਕਾਂ ਵਿਚ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਾ ਹੋਣ ਕਾਰਨ ਨਕਦੀ ਦੀ ਲੋੜ ਵਾਲੇ ਲੋਕ ਨਿਰਾਸ਼ ਹੋ ਕੇ ਵਾਪਸ ਮੁੜਦੇ ਨਜ਼ਰ ਆਏ। ਦੂਰ-ਦੂਰੋਂ ਆਏ ਗਾਹਕਾਂ ਨੂੰ ਬੈਂਕਾਂ ਦੇ ਤਾਲੇ ਲੱਗੇ ਮਿਲੇ, ਜਿਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਅਤੇ ਪੈਸਾ ਦੋਵੇ ਬਰਬਾਦ ਹੋਇਆ। ਬੈਂਕਿੰਗ ਸੇਵਾਵਾਂ ਠੱਪ ਹੋਣ ਨਾਲ ਖੇਤਰ ’ਚ ਕਾਰੋਬਾਰੀ ਗਤੀਵਿਧੀਆਂ ’ਤੇ ਵੀ ਮਾੜਾ ਅਸਰ ਪਿਆ।ਰਾਹਤ ਦੀ ਇਕੱਲੀ ਗੱਲ ਇਹ ਰਹੀ ਕਿ ਖੇਤਰ ਦੇ ਨਿੱਜੀ ਬੈਂਕ ਖੁੱਲ੍ਹੇ ਰਹੇ, ਜਿੱਥੇ ਆਮ ਵਾਂਗ ਲੈਣ-ਦੇਣ ਅਤੇ ਹੋਰ ਬੈਂਕਿੰਗ ਸੇਵਾਵਾਂ ਜਾਰੀ ਰਹੀਆਂ। ਇਸ ਨਾਲ ਕੁਝ ਖਪਤਕਾਰਾਂ ਨੂੰ ਬਦਲਵਾਂ ਹੱਲ ਮਿਲਿਆ। ਦੂਜੇ ਪਾਸੇ ਲੋਕਾਂ ਨੇ ਹੜਤਾਲ ਦੇ ਸਮੇਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਨੀਵਾਰ-ਐਤਵਾਰ ਦੀ ਛੁੱਟੀ ਅਤੇ 26 ਜਨਵਰੀ ਦੀ ਸਰਕਾਰੀ ਛੁੱਟੀ ਕਾਰਨ ਬੈਂਕ ਪਹਿਲਾਂ ਹੀ ਤਿੰਨ ਦਿਨ ਬੰਦ ਰਹੇ ਸਨ। ਉਸ ਤੋਂ ਬਾਅਦ ਚੌਥੇ ਦਿਨ ਹੜਤਾਲ ਕਰਨਾ ਸਿੱਧਾ ਆਮ ਲੋਕਾਂ ’ਤੇ ਬੋਝ ਬਣ ਗਿਆ। ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣ ਕਾਰਨ ਹਰ ਵਰਗ ਦਾ ਨਾਗਰਿਕ ਪ੍ਰਭਾਵਿਤ ਹੋਇਆ, ਜਿਸ ਦਾ ਗੁੱਸਾ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਬਾਕਸ ਇੰਨ: ਹੜਤਾਲ ਬਾਰੇ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਲਾਗੂ ਕਰਨ ’ਚ ਕੀਤੀ ਜਾ ਰਹੀ ਲਗਾਤਾਰ ਦੇਰੀ ਦੇ ਵਿਰੋਧ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਇਹ ਮਸਲਾ ਸਰਕਾਰ ਨਾਲ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਠੋਸ ਫੈਸਲਾ ਨਹੀਂ ਆਇਆ। ਸਾਲ 2023 ਦੇ ਸਮਝੌਤਾ ਪੱਤਰ ਅਤੇ 2024 ਦੇ ਸੰਯੁਕਤ ਨੋਟ ’ਚ ਵੀ ਇਹ ਮੰਗ ਸਪਸ਼ਟ ਤੌਰ ’ਤੇ ਦਰਜ ਹੈ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕੰਮ ਦੇ ਸਮੇਂ ’ਚ 40 ਮਿੰਟ ਦਾ ਵਾਧਾ ਕਰਕੇ ਸਾਰੇ ਸ਼ਨੀਵਾਰ ਛੁੱਟੀ ਕੀਤੀ ਜਾਵੇ। ਯੂਨੀਅਨਾਂ ਦਾ ਕਹਿਣਾ ਹੈ ਕਿ ਆਰ.ਬੀ.ਆਈ., ਐੱਲ.ਆਈ.ਸੀ., ਜੀ.ਆਈ.ਸੀ., ਕੇਂਦਰੀ ਤੇ ਰਾਜ ਸਰਕਾਰੀ ਦਫ਼ਤਰਾਂ ਸਮੇਤ ਸਟਾਕ ਮਾਰਕੀਟ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਪਹਿਲਾਂ ਹੀ ਪੰਜ ਦਿਨਾਂ ਦੇ ਹਫ਼ਤੇ ਅਧੀਨ ਕੰਮ ਕਰ ਰਹੇ ਹਨ, ਪਰ ਬੈਂਕ ਕਰਮਚਾਰੀਆਂ ਨਾਲ ਅਜੇ ਵੀ ਭੇਦਭਾਵ ਕੀਤਾ ਜਾ ਰਿਹਾ ਹੈ।