ਬੱਚੂ ਸਿੰਘ ਬੈਂਸਲਾ 31 ਜਨਵਰੀ ਤੋਂ ਪੰਜਾਬ ਦੌਰੇ ’ਤੇ
ਅਖਿਲ ਭਾਰਤੀ ਗੁੱਜਰ ਮਹਾਸਭਾ ਦੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਬੱਚੂ ਸਿੰਘ ਬੈਂਸਲਾ 31 ਜਨਵਰੀ ਤੋਂ ਪੰਜਾਬ ਦੌਰੇ ’ਤੇ
Publish Date: Tue, 27 Jan 2026 03:57 PM (IST)
Updated Date: Tue, 27 Jan 2026 03:58 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਅਖਿਲ ਭਾਰਤੀ ਗੁੱਜਰ ਮਹਾਸਭਾ ਦੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਬੱਚੂ ਸਿੰਘ ਬੈਂਸਲਾ 31 ਜਨਵਰੀ ਤੋਂ 4 ਫਰਵਰੀ ਤੱਕ ਪੰਜਾਬ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗੁੱਜਰ ਸਮਾਜ ਦੀਆਂ ਸਭਾਵਾਂ, ਅਹਿਮ ਮੀਟਿੰਗਾਂ ਅਤੇ ਸਮਾਜਿਕ ਇਕੱਠਾਂ ਵਿਚ ਸ਼ਿਰਕਤ ਕਰਕੇ ਸਮਾਜਕ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਹਨਾਂ ਦੇ ਨਾਲ ਉਚੇਚੇ ਤੌਰ ’ਤੇ ਪੰਜਾਬ ਪ੍ਰਧਾਨ ਪੰਮੀ ਪੰਡੋਰੀ ਵੀ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਕਮਲ ਦੇਵ ਚੌਹਾਨ ਟੇਡੇਵਾਲ ਨੇ ਦੱਸਿਆ ਕਿ ਬੱਚੂ ਸਿੰਘ ਬੈਂਸਲਾ ਆਪਣੇ ਪੰਜਾਬ ਦੌਰੇ ਦੌਰਾਨ ਗੁੱਜਰ ਸਮਾਜ ਦੀਆਂ ਪ੍ਰਮੁੱਖ ਹਸਤੀਆਂ, ਬੁੱਧੀਜੀਵੀਆਂ ਅਤੇ ਸਮਾਜਿਕ ਆਗੂਆਂ ਨਾਲ ਮੁਲਾਕਾਤਾਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੌਰਾ ਗੁੱਜਰ ਸਮਾਜ ਨੂੰ ਇਕਜੁਟ ਕਰਨ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਕਮਲ ਦੇਵ ਚੌਹਾਨ ਨੇ ਅੱਗੇ ਦੱਸਿਆ ਕਿ ਬੱਚੂ ਸਿੰਘ ਬੈਂਸਲਾ ਦਾ ਮੁੱਖ ਉਦੇਸ਼ ਗੁੱਜਰ ਸਮਾਜ ਅੰਦਰ ਮੌਜੂਦ ਰਾਜਨੀਤਿਕ ਖਿੱਚਤਾਣ ਅਤੇ ਵੰਡ ਨੂੰ ਦੂਰ ਕਰਨਾ ਹੈ ਤਾਂ ਜੋ ਸਮਾਜ ਇੱਕਜੁਟ ਹੋ ਕੇ ਆਪਣੇ ਹੱਕਾਂ ਅਤੇ ਹਿਤਾਂ ਲਈ ਮਜ਼ਬੂਤੀ ਨਾਲ ਅੱਗੇ ਵਧ ਸਕੇ। ਉਨ੍ਹਾਂ ਕਿਹਾ ਕਿ ਬੈਂਸਲਾ ਜੀ ਹਮੇਸ਼ਾ ਸਮਾਜਕ ਏਕਤਾ ਅਤੇ ਸੰਗਠਨਾਤਮਕ ਮਜ਼ਬੂਤੀ ਦੇ ਪੱਖਧਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਖਿਲ ਭਾਰਤੀ ਗੁੱਜਰ ਮਹਾਸਭਾ ਦੀ ਪੰਜਾਬ ਦੀ ਪੂਰੀ ਟੀਮ ਇਸ ਦੌਰੇ ਦੌਰਾਨ ਬੱਚੂ ਸਿੰਘ ਬੈਂਸਲਾ ਦੇ ਨਾਲ ਰਹੇਗੀ ਅਤੇ ਸਾਰੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਦੇਵੇਗੀ। ਜ਼ਿਕਰਯੋਗ ਹੈ ਕਿ ਬੱਚੂ ਸਿੰਘ ਬੈਂਸਲਾ ਕਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੂਰੇ ਦੇਸ਼ ਵਿਚ ਗੁੱਜਰ ਸਮਾਜ ਦੀ ਭਲਾਈ ਅਤੇ ਏਕਤਾ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ।