ਬਿਜਲੀ ਕਰਮਚਾਰੀਆਂ ਨਾਲ ਕੁੱਟਮਾਰ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ
ਬਿਜਲੀ ਕਰਮਚਾਰੀਆਂ ਨਾਲ ਹੱਥੋ ਪਾਈ ਕਰਨ ’ਤੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ
Publish Date: Wed, 21 Jan 2026 04:09 PM (IST)
Updated Date: Wed, 21 Jan 2026 04:12 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ
ਸ੍ਰੀ ਕੀਰਤਪੁਰ ਸਾਹਿਬ : ਬਿਜਲੀ ਕਰਮਚਾਰੀਆਂ ਨਾਲ ਗਾਲੀ ਗਲੋਚ ਅਤੇ ਕੁੱਟ ਮਾਰ ਕਰਨ ਤਹਿਤ ਤਿੰਨ ਵਿਅਕਤੀਆਂ ’ਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸ਼੍ਰੀ ਕੀਰਤਪੁਰ ਸਾਹਿਬ ’ਤੇ ਪੁਲਿਸ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਧੀਰਜ ਕੁਮਾਰ ਪੁੱਤਰ ਸੋਮਨਾਥ ਵਾਸੀ ਪਿੰਡ ਕੋਟਲਾ ਪਾਵਰ ਹਾਊਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਜੋ ਕਿ ਬਿਜਲੀ ਮਹਿਕਮੇ ਵਿਚ ਫੀਲਡ ਕਰਮਚਾਰੀ ਹੈ। ਉਹ ਆਪਣੇ ਸਾਥੀ ਕਰਮਚਾਰੀ ਲਾਈਨ ਮੈਨ ਬਲਬੀਰ ਸਿੰਘ ਅਤੇ ਭੁਪਿੰਦਰ ਸਿੰਘ ਨਾਲ ਫੀਲਡ ਡਿਊਟੀ ਕਰਦੇ ਹੋਏ ਡਿਫਾਲਟਰ ਕੇਸਾਂ ਦੇ ਬਿਜਲੀ ਕਨੈਕਸ਼ਨ ਕੱਟਣ ਸਬੰਧੀ ਸਰਕਾਰੀ ਡਿਊਟੀ ਕਰ ਰਹੇ ਸਨ। ਧੀਰਜ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਹਨਾਂ ਦੱਸਿਆ ਕਿ ਮਹਿਕਮੇ ਦੇ ਸਰਕਾਰੀ ਹੁਕਮਾਂ ਅਨੁਸਾਰ ਜਦੋਂ ਭਰਤਗੜ ਇੱਕ ਦੁਕਾਨ ’ਤੇ ਡਿਫਾਲਟਰ ਮੀਟਰ ਕੱਟਣ ਸਬੰਧੀ ਦੁਕਾਨ ’ਤੇ ਗਏ ਤਾਂ ਉਕਤ ਦੁਕਾਨ ਤੇ ਬਿਜਲੀ ਦਾ ਮੀਟਰ ਕੱਟਣ ਲੱਗੇ ਤਾਂ ਦੁਕਾਨ ਵਿਚ ਮੌਕੇ ’ਤੇ ਮੌਜੂਦ ਗਗਨਦੀਪ ਪੁੱਤਰ ਜਗਦੀਸ਼, ਪੁਨੀਤ ਪੁੱਤਰ ਜਗਦੀਸ਼ ਅਤੇ ਖੁਦ ਜਗਦੀਸ਼ ਕੁਮਾਰ ਵਾਸੀ ਭਰਤਗੜ ਨੇ ਮੇਰੇ ਅਤੇ ਮੇਰੇ ਸਹਿ ਕਰਮੀਆਂ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲੀ ਗਲੋਚ ਕਰਨ ਲੱਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਦੁਕਾਨਦਾਰ ਤੇ ਉਸਦੇ ਪੁੱਤਰ ਨੇ ਕਰਮਚਾਰੀ ਦੇ ਥੱਪੜ, ਲੱਤਾਂ ਮਾਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਕਤ ਵਿਅਕਤੀਆਂ ਨੇ ਹਮਲਾਵਰ ਹੋ ਕੇ ਡਿਊਟੀ ਵਿਚ ਵਿਘਨ ਪਾਇਆ ਹੈ ਅਤੇ ਅਸੀਂ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਬਿਜਲੀ ਕਨੈਕਸ਼ਨ ਬਿਨਾਂ ਕੱਟੇ ਵਾਪਸ ਆ ਗਏ। ਉਨ੍ਹਾਂ ਬਿਜਲੀ ਕਰਮਚਾਰੀਆਂ ਨੂੰ ਅੱਗੇ ਤੋਂ ਦੁਕਾਨ ’ਤੇ ਆਉਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਪੀੜਤ ਵੱਲੋਂ ਭਰਤਗੜ੍ਹ ਚੌਕੀ ਵਿਖੇ ਸੂਚਿਤ ਕਰ ਦਿੱਤਾ ਸੀ ਅਤੇ ਆਪ ਸਰਕਾਰ ਹੀ ਹਸਪਤਾਲ ਭਰਤਗੜ੍ਹ ਇਲਾਜ ਕਰਵਾਉਣ ਲਈ ਦਾਖਲ ਹੋ ਗਿਆ ਸੀ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਗਗਨਦੀਪ ਭੱਲਾ, ਪੁਨੀਤ ਭੱਲਾ ਪੁੱਤਰ ਜਗਦੀਸ਼ ਕੁਮਾਰ ਅਤੇ ਜਗਦੀਸ਼ ਕੁਮਾਰ ਪੁੱਤਰ ਸ਼ਿਵਰਾਮ ਵਾਸੀ ਭਰਤਗੜ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਕਤ ਕਰਮਚਾਰੀਆਂ ਨੇ ਕਿਹਾ ਹੈ ਕਿ ਇਹਨਾਂ ਵਿਅਕਤੀਆਂ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ ਅਤੇ ਸਰਕਾਰੀ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਇਹਨਾਂ ਵਿਅਕਤੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਾਮਲੇ ਦੀ ਪੁਸ਼ਟੀ ਥਾਣਾ ਕੀਰਤਪੁਰ ਸਾਹਿਬ ਦੇ ਮੁੱਖੀ ਜਤਿਨ ਕਪੂਰ ਨੇ ਕੀਤੀ ਹੈ।