ਹਿਮਾਂਸ਼ੂ ਟੰਡਨ ’ਤੇ ਦਰਜ ਮੁਕੱਦਮੇ ਦੇ ਵਿਰੋਧ ’ਚ ਰੋਸ ਮਾਰਚ
ਹਿਮਾਂਸ਼ੂ ਟੰਡਨ ਉੱਤੇ ਦਰਜ ਇਰਾਦਾ ਕਤਲ ਦੇ ਮੁਕੱਦਮੇ ਦੇ ਵਿਰੋਧ ਵਿਚ ਸ਼ਹਿਰ ਅਤੇ ਇਲਾਕਾ ਵਾਸੀ ਸੜਕਾਂ ‘ਤੇ, ਦੁਕਾਨਾਂ ਬੰਦ ਕਰ ਕੱਢਿਆ
Publish Date: Sat, 10 Jan 2026 04:10 PM (IST)
Updated Date: Sat, 10 Jan 2026 04:12 PM (IST)

ਪੁਰਾਣੇ ਬੱਸ ਅੱਡੇ ‘ਤੇ ਸਰਕਾਰ ਦਾ ਪੁਤਲਾ ਫੂਕਿਆ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਪਿਛਲੇ ਦਿਨੀਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪਾਰਸ਼ਦ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਹਿਮਾਂਸ਼ੂ ਟੰਡਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਗਏ ਇਰਾਦਾ ਕਤਲ ਅਤੇ ਆਰਮਜ਼ ਐਕਟ ਦੇ ਮੁਕੱਦਮੇ ਨੂੰ ਲੈ ਕੇ ਸ਼ਹਿਰ ਵਾਸੀਆਂ, ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਕਾਂਗਰਸੀ ਆਗੂਆਂ ਵਿਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ, ਸਥਾਨਕ ਦੁਕਾਨਦਾਰਾਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਲੋਕਾਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸ਼ਹਿਰ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰੱਖਦਿਆਂ ਹਿਮਾਂਸ਼ੂ ਟੰਡਨ ਦੇ ਹੱਕ ਵਿਚ ਜ਼ੋਰਦਾਰ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਮੋਹਤਬਰਾਂ ਅਤੇ ਸਮਾਜ ਸੇਵੀਆਂ ਵੱਲੋਂ ਰਾਮ ਮੰਦਰ ਚੋਕ ਤੋਂ ਸ਼ੁਰੂ ਕੀਤਾ ਗਿਆ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਥਾਨਕ ਪੁਰਾਣੇ ਬੱਸ ਅੱਡੇ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ ਉੱਤੇ ਦਰਜ ਕੀਤਾ ਗਿਆ ਮੁਕੱਦਮਾ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਿਮਾਂਸ਼ੂ ਟੰਡਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ, ਜਿਸ ਕਾਰਨ ਸਰਕਾਰ ਦੇ ਸਹਿਯੋਗ ਨਾਲ ਨਜਾਇਜ਼ ਮਾਈਨਿੰਗ ਕਰ ਰਹੇ ਠੇਕੇਦਾਰ ਅਤੇ ਕਰੈਸ਼ਰ ਮਾਲਕ ਉਸ ਦੇ ਵਿਰੋਧੀ ਹੋ ਗਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਕਰਦਿਆਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਿਮਾਂਸ਼ੂ ਟੰਡਨ ਅਤੇ ਉਸ ਦੇ ਸਾਥੀਆਂ ਨੂੰ ਨਿਸ਼ਾਨਾ ਬਣਾ ਕੇ ਇਹ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਿਮਾਂਸ਼ੂ ਟੰਡਨ ਇੱਕ ਜ਼ਿੰਮੇਵਾਰ ਨਾਗਰਿਕ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਹਰਕਤ ਨਹੀਂ ਕਰ ਸਕਦਾ। “ਝੂਠੇ ਮੁਕੱਦਮਿਆਂ ਦੀ ਰਾਜਨੀਤੀ ਨਹੀਂ ਕਰਨ” ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਅਤੇ ਉਸ ਦੇ ਮੰਤਰੀ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾ ਰਹੇ ਹਨ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਇਸ ਬਦਲੇਖੋਰੀ ਦੀ ਨੀਤੀ ਦਾ ਖ਼ਮਿਆਜ਼ਾ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਗੁੱਸੇ ਵਿਚ ਆਏ ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਹਿਮਾਂਸ਼ੂ ਟੰਡਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਜਲਦੀ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੌੜਾ, ਵਿਜੈ ਬਜਾਜ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ, ਸੁਰੇਸ਼ ਮੋਹਨ ਟੰਡਨ, ਅਮਿਤ ਕੁਮਾਰ ਚਾਵਲਾ (ਪ੍ਰਧਾਨ ਸਨਾਤਨ ਯੂਵਾ ਮੰਡਲ), ਬਲਬੀਰ ਸਿੰਘ ਸ਼ਾਹਪੁਰ ਬੇਲਾ, ਅਵਨੀਸ਼ ਸ਼ਰਮਾ , ਚੌਧਰੀ ਪਹੂ ਲਾਲ , ਰਜਨੀਸ਼ ਜੋਸ਼ੀ, ਠੇਕੇਦਾਰ ਤੇਜਿੰਦਰ ਸਿੰਘ ਪੱਪੂ, ਕਾਬਲ ਸਿੰਘ ਰਾਣਾ, ਗੁਰਦੇਵ ਚੰਦ ਭੱਲਾ, ਦਵਿੰਦਰ ਸਿੰਘ ਸੈਣੀ,ਸਰਵਣ ਸਿੰਘ ਸੈਣੀ ,ਮਨਦੀਪ ਸੈਣੀ, ਵਿਜੈ ਸ਼ਰਮਾ ਨੱਕੀਆਂ, ਸੰਜੀਵ ਜੋਸ਼ੀ, ਮਨੋਜ ਬੇਦੀ, ਮਲਕੀਤ ਸਿੰਘ, ਗੁਰਮੀਤ ਬਾਵਾ, ਕੁਲਵੰਤ ਸਿੰਘ, ਮੋਹਿੰਦਰ ਸਿੰਘ, ਮੱਘਰ ਚੌਧਰੀ, ਮਨੀਸ਼ ਬੇਦੀ, ਰਵੀਸ਼ ਧਵਨ, ਹਰਸ਼ਿਤ ਜੋਸ਼ੀ, ਐਡਵੋਕੇਟ ਵਰਿੰਦਰ ਬੀਰ ਸਿੰਘ,ਅਭਿਸ਼ੇਕ ਧਵਨ, ਮੋਹਿਤ ਧਵਨ, ਨਿਤਿਨ ਕਪਿਲ, ਅਭਿਨਵ ਟੰਡਨ, ਐਡਵੋਕੇਟ ਸੂਰਜ ਜੋਸ਼ੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਮੌਜੂਦ ਸਨ। ਉੱਥੇ ਹੀ ਮਾਹੌਲ ਨੂੰ ਕਾਬੂ ਵਿਚ ਰੱਖਣ ਲਈ ਥਾਣਾ ਮੁੱਖੀ ਕੀਰਤਪੁਰ ਸਾਹਿਬ ਇੰਸਪੈਕਟਰ ਜਤਿਨ ਕਪੂਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਮੌਕੇ ‘ਤੇ ਮੌਜੂਦ ਰਹੀ।