ਠੰਢ ਦੇ ਮੌਸਮ ’ਚ ਵੀ ਯੋਗ ਨਾਲ ਤੰਦਰੁਸਤੀ ਦੀ ਗਰਮੀ ਮਹਿਸੂਸ ਕਰ ਰਹੇ ਹਨ ਲੋਕ
ਠੰਢ ਦੇ ਮੌਸਮ ’ਚ ਵੀ ਯੋਗ ਨਾਲ ਤੰਦਰੁਸਤੀ ਦੀ ਗਰਮੀ ਮਹਿਸੂਸ ਕਰ ਰਹੇ ਹਨ ਲੋਕ
Publish Date: Mon, 05 Jan 2026 04:49 PM (IST)
Updated Date: Mon, 05 Jan 2026 04:50 PM (IST)

ਅੱਧਾ ਦਰਜਨ ਪਿੰਡਾਂ ’ਚ ਚੱਲ ਰਹੇ ਯੋਗਾ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਜੀਵਨ ਦੀ ਨਵੀਂ ਰਾਹਦਾਰੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਕੜਾਕੇ ਦੀ ਠੰਢ ਦੇ ਬਾਵਜੂਦ ਨੂਰਪੁਰਬੇਦੀ ਖੇਤਰ ਦੇ ਵੱਖ-ਵੱਖ ਅੱਧਾ ਦਰਜਨ ਪਿੰਡਾਂ ਵਿਚ ਨਿਰਵਿਘਨ ਚੱਲ ਰਹੇ ਮੁਫ਼ਤ ਯੋਗਾ ਕੈਂਪ ਸਥਾਨਕ ਲੋਕਾਂ ਲਈ ਸਿਹਤ ਦਾ ਵਰਦਾਨ ਸਾਬਤ ਹੋ ਰਹੇ ਹਨ। ਸਵੇਰ ਦੀ ਠੰਢੀ ਹਵਾ, ਧੁੰਦ ਭਰਿਆ ਮਾਹੌਲ ਅਤੇ ਖੁੱਲ੍ਹੇ ਆਕਾਸ਼ ਹੇਠ ਕੀਤੀਆਂ ਜਾਣ ਵਾਲੀਆਂ ਯੋਗ ਕਿਰਿਆਵਾਂ ਨਾਲ ਸੈਂਕੜੇ ਲੋਕ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਤਾਜ਼ਗੀ ਮਹਿਸੂਸ ਕਰ ਰਹੇ ਹਨ ਅਤੇ ਵੱਖ-ਵੱਖ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਹ ਵਿਚਾਰ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਯੋਗ ਸਿੱਖਿਅਕ ਰਮੇਸ਼ ਕੁਮਾਰ ਨੇ ਅੱਜ ਨੂਰਪੁਰਬੇਦੀ ਖੇਤਰ ਦੇ ਪਿੰਡਾਂ ਵਿਚ ਚੱਲ ਰਹੇ ਮੁਫ਼ਤ ਯੋਗਾ ਕੈਂਪਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਵਿਚ ਯੋਗ ਅਭਿਆਸ ਸ਼ਰੀਰ ਦੀ ਰੋਗ-ਰੋਕੂ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ, ਖੂਨ ਦੀ ਗਤੀ ਨੂੰ ਸੰਤੁਲਿਤ ਰੱਖਦਾ ਹੈ ਅਤੇ ਮਾਨਸਿਕ ਤਣਾਅ ਤੋਂ ਰਾਹਤ ਦਿੰਦਾ ਹੈ। ਯੋਗ ਨਾ ਸਿਰਫ਼ ਸ਼ਰੀਰ ਨੂੰ ਰੋਗਮੁਕਤ ਬਣਾਉਂਦਾ ਹੈ, ਸਗੋਂ ਮਨ ਨੂੰ ਸ਼ਾਂਤ ਅਤੇ ਚਿੰਤਾਵਾਂ ਤੋਂ ਮੁਕਤ ਰੱਖਣ ਵਿਚ ਵੀ ਅਹੰਕਾਰਪੂਰਨ ਭੂਮਿਕਾ ਨਿਭਾਉਂਦਾ ਹੈ। ਯੋਗ ਸਿੱਖਿਅਕ ਰਮੇਸ਼ ਕੁਮਾਰ ਵੱਲੋਂ ਕੈਂਪਾਂ ਦੌਰਾਨ ਪ੍ਰਾਣਾਯਾਮ, ਸ਼ੁਕਸ਼ਮ ਵਿਆਯਾਮ, ਭੁਜੰਗ ਆਸਨ, ਉਤਾਨਪਾਦ ਆਸਨ, ਕਪਾਲ ਭਾਤੀ, ਸ਼ਵਾਸਆਸਨ, ਪਦਮਾਸਨ, ਵਜਰ ਆਸਨ, ਸ਼ਸ਼ਾਂਕ ਆਸਨ, ਸਵਾਸ ਕ੍ਰਿਰਿਆ, ਸੂਰਿਆ ਨਮਸਕਾਰ ਅਤੇ ਮੰਡੂਕ ਆਸਨ ਵਰਗੀਆਂ ਅਨੇਕਾਂ ਯੋਗ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਧਿਆਨ ਦਾ ਅਭਿਆਸ ਵੀ ਕਰਵਾਇਆ ਜਾਂਦਾ ਹੈ, ਜਿਸ ਨਾਲ ਠੰਢੇ ਮੌਸਮ ਵਿਚ ਮਨ ਦੀ ਏਕਾਗ੍ਰਤਾ ਵਧਦੀ ਹੈ ਅਤੇ ਦਿਨ ਭਰ ਉਰਜਾਵਾਨ ਰਹਿਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਣੀਮਾਜਰਾ, ਸਤਨਾਰਾਇਣ ਮੰਦਰ ਨੂਰਪੁਰਬੇਦੀ, ਲਸਾੜੀ, ਜੇਤੇਵਾਲ ਅਤੇ ਮੁਕਾਰੀ ਵਿਖੇ ਰੋਜ਼ਾਨਾ ਇਕ-ਇਕ ਘੰਟੇ ਦੇ ਮੁਫ਼ਤ ਯੋਗਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਸਰਪੰਚ ਰਾਮ ਸਰੂਪ ਸੈਣੀਮਾਜਰਾ, ਸ਼ੁਸ਼ਮਾ ਜੋਸ਼ੀ, ਰਾਮਜੀ ਦਾਸ, ਲੇਖਰਾਜ, ਪੰਡਿਤ ਮੋਹਨ ਲਾਲ, ਹੇਮਰਾਜ ਸ਼ਰਮਾ, ਧਰਮਪਾਲ ਸੈਣੀ ਅਤੇ ਦਿਨੇਸ਼ ਕੁਮਾਰ ਸੈਣੀਮਾਜਰਾ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਕੜਾਕੇ ਦੀ ਠੰਢ ਵਿਚ ਵੀ ਸਵੇਰ-ਸਵੇਰ ਉੱਠ ਕੇ ਯੋਗ ਕੈਂਪਾਂ ਵਿਚ ਪਹੁੰਚ ਰਹੇ ਲੋਕ ਇਹ ਸਾਬਤ ਕਰ ਰਹੇ ਹਨ ਕਿ ਜਿੱਥੇ ਇਰਾਦਾ ਮਜ਼ਬੂਤ ਹੋਵੇ, ਉੱਥੇ ਮੌਸਮ ਦੀਆਂ ਮੁਸ਼ਕਲਾਂ ਵੀ ਰੁਕਾਵਟ ਨਹੀਂ ਬਣ ਸਕਦੀਆਂ। ਯੋਗਾ ਕੈਂਪ ਨੂਰਪੁਰਬੇਦੀ ਖੇਤਰ ਵਿਚ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਆਪਸੀ ਮਿਲਾਪ ਅਤੇ ਸਕਾਰਾਤਮਕ ਸੋਚ ਵੱਲ ਵੀ ਪ੍ਰੇਰਿਤ ਕਰ ਰਹੇ ਹਨ।