ਧਾਰਮਿਕ ਸਥਾਨ ’ਤੇ ਮੂਰਤੀਆਂ ਨੂੰ ਪਾਏ ਨੋਟਾਂ ਤੇ ਡਾਲਰਾਂ ਦੇ ਹਾਰਾਂ ਸਹਿਤ ਚੜਾਵਾ ਚੋਰੀ
ਇਤਿਹਾਸਿਕ ਧਾਰਮਿਕ ਸਥਾਨ ਸਿੱਧ ਚਾਨੋ ਵਿਖੇ ਬੀਤੀ ਰਾਤ ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
Publish Date: Sat, 03 Jan 2026 05:11 PM (IST)
Updated Date: Sat, 03 Jan 2026 05:14 PM (IST)

ਚੋਰੀ ਕਰਨ ਵਾਲੇ ਹੋਏ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਖੇਤਰ ਦੇ ਪਿੰਡ ਰਾਮਪੁਰ ਠੋਡਾ ਵਿਖੇ ਸਥਿਤ ਪ੍ਰਸਿੱਧ, ਇਤਿਹਾਸਿਕ ਅਤੇ ਆਸਥਾ ਦਾ ਕੇਂਦਰ ਮੰਨੇ ਜਾਂਦੇ ਬਾਬਾ ਸਿੱਧ ਚਾਨੋ ਦਰਬਾਰ ਵਿਚ ਬੀਤੀ ਦੇਰ ਸ਼ਾਮ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦਰਬਾਰ ਅੰਦਰ ਸਥਾਪਿਤ ਬਾਬਾ ਸਿੱਧ ਚਾਨੋ ਅਤੇ ਬਾਬਾ ਬਲੀ ਪਾਤਸ਼ਾਹ ਜੀ ਦੀਆਂ ਮੂਰਤੀਆਂ ਦੇ ਗਲਾਂ ਵਿਚ ਪਾਏ ਨਕਦੀ ਦੇ ਹਾਰ ਅਤੇ ਡਾਲਰਾਂ ਦੇ ਹਾਰਾਂ ਸਮੇਤ ਵੱਡੀ ਮਾਤਰਾ ਵਿਚ ਚੜ੍ਹਾਵਾ ਰਾਸ਼ੀ ਚੋਰੀ ਕਰ ਲਈ। ਪੂਰੀ ਘਟਨਾ ਦਰਬਾਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਿਕਰਯੋਗ ਹੈ ਕਿ ਬਾਬਾ ਸਿੱਧ ਚਾਨੋ ਦਰਬਾਰ ਖੇਤਰ ਦਾ ਇਕ ਬਹੁਤ ਹੀ ਪ੍ਰਸਿੱਧ ਅਤੇ ਵੱਡੀ ਮਾਨਤਾ ਵਾਲਾ ਧਾਰਮਿਕ ਸਥਾਨ ਹੈ। ਇਸ ਦਰਬਾਰ ਨਾਲ ਲੋਕਾਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ। ਨੂਰਪੁਰਬੇਦੀ ਖੇਤਰ ਤੋਂ ਇਲਾਵਾ ਕੰਢੀ, ਦੂਣੀ ਅਤੇ ਦੁਆਬਾ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਖ਼ਾਸ ਕਰਕੇ ਪਸ਼ੂ ਪਾਲਕ ਵਰਗ ਵੱਲੋਂ ਆਪਣੇ ਪਸ਼ੂਆਂ ਦੀ ਸਲਾਮਤੀ, ਬਿਮਾਰੀਆਂ ਤੋਂ ਬਚਾਅ ਅਤੇ ਚੰਗੀ ਪੈਦਾਵਾਰ ਲਈ ਇੱਥੇ ਸੁੱਖਾਂ ਲਾਹੁਣ ਅਤੇ ਮਨਤਾਂ ਮੰਗਣ ਦੀ ਪੁਰਾਣੀ ਪਰੰਪਰਾ ਚਲੀ ਆ ਰਹੀ ਹੈ। ਇਸ ਕਾਰਨ ਦਰਬਾਰ ਵਿਚ ਹਰ ਵੇਲੇ ਚੜ੍ਹਾਵੇ ਦੀ ਵੱਡੀ ਆਵਾਜਾਈ ਰਹਿੰਦੀ ਹੈ, ਜਿਸ ਨਾਲ ਇਹ ਚੋਰੀ ਦੀ ਵਾਰਦਾਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਮੰਨੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਪੋਸਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:25 ਵਜੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਦਰਬਾਰ ਅੰਦਰ ਦਾਖਲ ਹੋ ਕੇ ਬੜੀ ਯੋਜਨਾਬੱਧ ਤਰੀਕੇ ਨਾਲ ਚੋਰੀ ਕੀਤੀ ਗਈ। ਚੋਰੀ ਦੀ ਸੂਚਨਾ ਉਸ ਵੇਲੇ ਮਿਲੀ ਜਦੋਂ ਸਵੇਰੇ ਦਰਬਾਰ ਵਿਚ ਮੱਥਾ ਟੇਕਣ ਲਈ ਆਈਆਂ ਸੰਗਤਾਂ ਨੇ ਫੋਨ ਰਾਹੀਂ ਦੱਸਿਆ ਕਿ ਮੂਰਤੀਆਂ ਦੇ ਗਲਾਂ ਤੋਂ ਨੋਟਾਂ ਅਤੇ ਡਾਲਰਾਂ ਦੇ ਹਾਰ ਗਾਇਬ ਹਨ ਅਤੇ ਅੰਦਰ ਤੋੜ-ਫੋੜ ਦੇ ਨਿਸ਼ਾਨ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਦਰਬਾਰ ਵਿੱਚ ਤਿੰਨ ਪਹਿਰਾਂ ਦੌਰਾਨ ਦੋ-ਦੋ ਸੇਵਾਦਾਰ ਤੈਨਾਤ ਰਹਿੰਦੇ ਹਨ ਅਤੇ ਆਗਾਮੀ ਦਿਨਾਂ ਵਿੱਚ ਲੱਗਣ ਵਾਲੇ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੰਮਤ ਅਤੇ ਸੁਧਾਰ ਕਾਰਜ ਵੀ ਚੱਲ ਰਹੇ ਸਨ। ਬੀਤੀ ਸ਼ਾਮ ਲਗਭਗ 6 ਵਜੇ ਮਿਸਤਰੀ, ਮਜ਼ਦੂਰ ਅਤੇ ਸੇਵਾਦਾਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਸਨ, ਜਦਕਿ ਮੰਦਰ ਕਮੇਟੀ ਵੱਲੋਂ ਨਿਯੁਕਤ ਚੌਂਕੀਦਾਰ ਵੀ ਠੰਡ ਅਤੇ ਜਲਦੀ ਹਨੇਰਾ ਹੋਣ ਕਾਰਨ ਕਰੀਬ 7 ਵਜੇ ਆਪਣੇ ਪਿੰਡ ਕਲਵਾਂ ਵਾਪਸ ਚਲਾ ਗਿਆ। ਉਸਦੇ ਜਾਣ ਤੋਂ ਕੇਵਲ 20–25 ਮਿੰਟ ਬਾਅਦ ਹੀ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੀ.ਸੀ.ਟੀ.ਵੀ ਫੁਟੇਜ ਦੇ ਹਵਾਲੇ ਨਾਲ ਪ੍ਰਧਾਨ ਪੋਸਵਾਲ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਰਬਾਰ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਹਰ ਖੜਾ ਰਿਹਾ, ਜਦਕਿ ਦੋ ਨੌਜਵਾਨ ਅੰਦਰ ਦਾਖਲ ਹੋਏ, ਜਿਨ੍ਹਾਂ ਵਿੱਚੋਂ ਇੱਕ ਪੈਰ ਤੋਂ ਅਪਾਹਜ ਦਿਖਾਈ ਦੇ ਰਿਹਾ ਹੈ। ਅੰਦਰ ਦਾਖਲ ਹੋਣ ਦੇ ਨਾਲ ਹੀ ਚੋਰਾਂ ਨੇ ਮੂਰਤੀਆਂ ਦੇ ਸਾਹਮਣੇ ਲੱਗੇ ਸ਼ੀਸ਼ਿਆਂ ਨੂੰ ਇੱਟ ਨਾਲ ਤੋੜਿਆ ਅਤੇ ਬਾਬਾ ਬਲੀ ਪਾਤਸ਼ਾਹ ਤੇ ਬਾਬਾ ਸਿੱਧ ਚਾਨੋ ਜੀ ਦੇ ਗਲਾਂ ਵਿਚ ਪਾਏ ਨੋਟਾਂ ਅਤੇ ਡਾਲਰਾਂ ਦੇ ਹਾਰਾਂ ਸਮੇਤ ਅੰਦਰ ਪਈ ਵੱਡੀ ਮਾਤਰਾ ਵਿਚ ਚੜ੍ਹਾਵਾ ਰਾਸ਼ੀ ਚੋਰੀ ਕਰ ਲਈ। ਭਾਰੀ ਹੋਣ ਕਾਰਨ ਦਾਨ ਪਾਤਰ ਉਹ ਆਪਣੇ ਨਾਲ ਨਹੀਂ ਲੈ ਜਾ ਸਕੇ। ਮੰਦਰ ਕਮੇਟੀ ਦੇ ਅੰਦਾਜ਼ੇ ਮੁਤਾਬਕ ਚੋਰੀ ਹੋਈ ਰਕਮ ਅਤੇ ਹਾਰਾਂ ਦੀ ਕੁੱਲ ਕੀਮਤ ਲਗਭਗ ਇੱਕ ਲੱਖ ਰੁਪਏ ਦੇ ਕਰੀਬ ਹੈ। ਇਸ ਸਬੰਧੀ ਤੁਰੰਤ ਕਲਵਾਂ ਪੁਲਿਸ ਚੌਂਕੀ ਨੂੰ ਸੂਚਨਾ ਦੇ ਦਿੱਤੀ ਗਈ ਹੈ।ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਰੋਸ ਦੀ ਲਹਿਰ ਹੈ। ਪਿੰਡ ਦੇ ਵਸਨੀਕ ਹਰਮੇਸ਼ ਠੋਡਾ, ਸਰਪੰਚ ਮਮਤਾ ਦੇਵੀ, ਰਾਮਪਾਲ ਪੋਸਵਾਲ ਸਮੇਤ ਹੋਰ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚੋਰਾਂ ਦੀ ਜਲਦ ਤੋਂ ਜਲਦ ਸ਼ਨਾਖਤ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ ਅਤੇ ਭਵਿੱਖ ਵਿਚ ਅਜਿਹੀਆਂ ਵਾਰਦਾਤਾਂ ਰੋਕਣ ਲਈ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਬਾਕਸ ਇੰਨ: ਇਸ ਮਾਮਲੇ ’ਚ ਗੱਲ ਕਰਦਿਆਂ ਕਲਵਾਂ ਪੁਲਿਸ ਚੌਂਕੀ ਦੇ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਮਹੱਤਵਪੂਰਨ ਸੁਰਾਗ ਹਨ ਅਤੇ ਜਲਦ ਹੀ ਦੋਸ਼ੀ ਗ੍ਰਿਫ਼ਤ ਵਿਚ ਹੋਣਗੇ। ਬਾਕਸ ਇੰਨ: ਉੱਥੇ ਹੀ ਨੂਰਪੁਰਬੇਦੀ ਥਾਣਾ ਦੇ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਏ ਚੋਰਾਂ ਦੀ ਪਛਾਣ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਹਿਰਾਸਤ ਵਿਚ ਲਿਆ ਜਾਵੇਗਾ।