ਪਿਛਲੇ ਛੇ ਸਾਲ ਤੋਂ 1.61 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਟੀ ਸੈਂਟਰ ਦਾ ਕੰਮ ਅਧੂਰਾ
ਕੀ 2026 ’ਚ ਮਿਲ ਸਕੇਗਾ ਕੀਰਤਪੁਰ ਸਾਹਿਬ ਵਾਸੀਆਂ ਨੂੰ ਕਮਿਊਨਿਟੀ ਸੈਂਟਰ ?
Publish Date: Fri, 02 Jan 2026 03:28 PM (IST)
Updated Date: Fri, 02 Jan 2026 03:29 PM (IST)

2019 ’ਚ ਰਾਣਾ ਕੇਪੀ ਵੱਲੋਂ ਰੱਖਿਆ ਗਿਆ ਸੀ ਨੀਂਹ ਪੱਥਰ, ਹੁਣ ਤੱਕ ਖਰਚ ਹੋ ਚੁੱਕਾ ਕਰੀਬ 80 ਲੱਖ ਰੁਪਏ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਇਤਿਹਾਸਕ ਧਾਰਮਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਨੂੰ ਵਿਆਹ ਸਾਦੀ ਅਤੇ ਹੋਰ ਨਿਜੀ ਸਮਾਗਮ ਕਰਨ ਲਈ ਸ਼ਹਿਰ ਵਿਚ ਕੋਈ ਯੋਗ ਥਾਂ ਨਾ ਹੋਣ ਕਾਰਨ ਸ਼ਹਿਰ ਦੇ ਵਸਨੀਕਾਂ ਦੀ ਮੰਗ ਉਪਰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਸ ਸਮੇਂ ਦੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਮੁੱਢਲਾ ਸਿਹਤ ਕੇਂਦਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਜਮੀਨ ਵਿਚ ਅਤਿਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ ਲਈ ਮਿਤੀ 04 ਦਸੰਬਰ 2019 ਨੂੰ ਆਪਣੇ ਕਰ ਕਮਲਾ ਨਾਲ ਨੀਂਹ ਪੱਥਰ ਰੱਖਿਆ ਗਿਆ ਸੀ। ਪਰ 6 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਅਤਿਧੁਨਿਕ ਕਮਿਊਨਿਟੀ ਸੈਂਟਰ ਬਣ ਕਿ ਤਿਆਰ ਨਹੀਂ ਹੋ ਸਕਿਆ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਆਲੇ ਦੁਆਲੇ ਨਿਜੀ ਪੈਲਸਾਂ ਵਿਚ ਜਾਂ ਜਮੀਨ ਕਿਰਾਏ ਉਪਰ ਲੈ ਕੇ ਆਪਣੇ ਸਮਾਗਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦ ਕਿ ਨਗਰ ਪੰਚਾਇਤ ਵੱਲੋ ਇਸ ਦਾ ਕੰਮ ਪੂਰਾ ਕਰਵਾਉਣ ਲਈ 60 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਹੁਣ ਉਕਤ ਰੱਖੀ ਗਈ ਰਾਸ਼ੀ ਵੀ ਹੋਰ ਪਾਸੇ ਖਰਚ ਕੀਤੀ ਜਾ ਚੁੱਕੀ ਹੈ। ਲੋਕਾਂ ਨੇ ਕਮਿਊਨਿਟੀ ਸੈਂਟਰ ਬਣਾਉਣ ਦੀ ਕੀਤੀ ਸੀ ਮੰਗ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਜਿਸ ਵਿਚ ਪੰਜ ਪਿੰਡ ਸ਼ਾਮਿਲ ਹਨ ਅਤੇ ਇਹਨਾਂ ਨੂੰ ਅੱਗੇ 11 ਵਾਰਡਾਂ ਵਿਚ ਵੰਡਿਆ ਹੋਇਆ ਹੈ। ਇਹਨਾਂ ਵਾਰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਸ਼ਹਿਰ ਵਿਚ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਸੀ ਅਤੇ ਨਾ ਹੀ ਸ਼ਹਿਰ ਵਿਚ ਕੋਈ ਸਰਕਾਰੀ ਖੁੱਲ੍ਹੀ ਜਮੀਨ ਹੈ, ਜਿੱਥੇ ਲੋਕ ਟੈਂਟ ਲਗਾ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਆਹ ਅਤੇ ਹੋਰ ਨਿਜੀ ਪ੍ਰੋਗਰਾਮ ਕਰ ਸਕਣ,ਲੋਕਾਂ ਦੇ ਘਰਾਂ ਨਾਲ ਲੱਗਦੀਆਂ ਗਲੀਆਂ ਛੋਟੀਆਂ ਤੇ ਤੰਗ ਹੋਣ ਕਾਰਨ ਉਹਨਾਂ ਵਿਚ ਟੈਂਟ ਲਗਾ ਕੇ ਸਮਾਗਮ ਨਹੀਂ ਸੀ ਹੋ ਸਕਦੇ, ਦੂਸਰਾ ਅਜਿਹਾ ਕਰਨ ਨਾਲ ਰਾਹਗੀਰ ਲੋਕਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਜਬੂਰੀ ਵਸ ਲੋਕਾਂ ਨੂੰ ਸ਼ਹਿਰ ਤੋਂ ਕਾਫੀ ਦੂਰ ਜਾ ਕੇ ਮਹਿੰਗੇ ਕਿਰਾਏ ਦੇ ਹੋਟਲ, ਪੈਲਸ ਬੁੱਕ ਕਰਕੇ ਆਪਣੇ ਨਿਜੀ ਸਮਾਗਮ ਕਰਨੇ ਪੈਂਦੇ ਸਨ। ਸ਼ਹਿਰ ਦੇ ਗਰੀਬ ਲੋਕਾਂ ਨੂੰ ਪੈਸੇ ਦੀ ਘਾਟ ਕਾਰਨ ਆਪਣੇ ਨਿਜੀ ਸਮਾਗਮ ਕਰਨ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਰਾਣਾ ਕੇ ਪੀ ਸਿੰਘ ਨੇ 4 ਦਸੰਬਰ 2019 ਨੂੰ ਰੱਖਿਆ ਸੀ ਨੀਂਹ ਪੱਥਰ ਲੋਕਾਂ ਦੀ ਮੰਗ ਨੂੰ ਪੁਰਾ ਕਰਦੇ ਹੋਏ ਕਾਂਗਰਸ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਜਰੀਏ 1.61 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 6 ਹਜ਼ਾਰ ਵਰਗ ਫੁੱਟ ਵਿਚ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ 4 ਦਸੰਬਰ 2019 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਨਗਰ ਪੰਚਾਇਤ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਲਈ ਪਟਿਆਲਾ ਦੇ ਇੱਕ ਮੰਨੇ ਪਰਮੰਨੇ ਠੇਕੇਦਾਰ ਦੀ ਕੰਪਨੀ ਨੂੰ ਟੈਂਡਰ ਜਰੀਏ ਠੇਕਾ ਦਿੱਤਾ ਗਿਆ ਸੀ। ਠੇਕੇਦਾਰ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਦਾ ਕੰਮ ਪਹਿਲਾਂ ਬੜੀ ਤੇਜੀ ਨਾਲ ਸੁਰੂ ਕੀਤਾ ਗਿਆ ਸੀ, ਪਰ ਕਰੋਨਾ ਕਾਲ ਵਿੱਚ ਇਸ ਦਾ ਕੰਮ ਕੁਝ ਸਮੇਂ ਲਈ ਰੁਕਿਆ ਰਿਹਾ ਜਿਸ ਤੋਂ ਬਾਅਦ ਮੁੜ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ। ਪਰ ਫੰਡ ਦੀ ਘਾਟ ਕਾਰਨ ਮੁੜ ਇਸ ਦਾ ਕੰਮ ਰੁਕ ਗਿਆ ਅਤੇ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ,ਇਸ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਇਸ ਕਮਿਊਨਿਟੀ ਸੈਂਟਰ ਵਿਚ ਇੱਕ ਇੱਟ ਵੀ ਨਹੀਂ ਲੱਗ ਸਕੀ। ਇਸ ਕਮਿਊਨਿਟੀ ਸੈਂਟਰ ਦਾ ਕੰਮ ਕਰਵਾਉਣ ਲਈ ਕਈ ਵਾਰ ਪ੍ਰਿੰਟ ਮੀਡੀਆ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਕਮਿਊਨਿਟੀ ਸੈਂਟਰ ਦੀ ਬਿਲਡਿੰਗ ਉੱਪਰ ਪਹਾੜ ਦਾ ਮਲਵਾ ਡਿੱਗਿਆ ਅਧੂਰੀ ਪਈ ਕਮਿਊਨਿਟੀ ਸੈਂਟਰ ਦੀ ਇਮਾਰਤ ਦੇ ਪਿਛਲੇ ਪਾਸੇ ਇੱਕ ਬਹੁਤ ਉੱਚਾ ਪਹਾੜ ਸਥਿਤ ਹੈ , ਬਰਸਾਤ ਦੇ ਮੌਸਮ ਦੌਰਾਨ ਭਾਰੀ ਮੀਹ ਪੈਣ ਕਾਰਨ ਇਸ ਪਹਾੜ ਦਾ ਮਲਬਾ ਕਮਿਊਨਿਟੀ ਸੈਂਟਰ ਦੀ ਪਿਛਲੀ ਕੰਧ ਨਾਲ ਆ ਕੇ ਡਿੱਗ ਪਿਆ ਅਤੇ ਇਸ ਮਲਬੇ ਨੇ ਕੰਧ ਨੂੰ ਵੀ ਤੋੜ ਕੇ ਰੱਖ ਦਿੱਤਾ ਹੈ ’ਤੇ ਪਹਾੜੀ ਦਾ ਕੁਝ ਮਲਬਾ ਇਮਾਰਤ ਦੇ ਅੰਦਰ ਤੱਕ ਪੁੱਜ ਗਿਆ ਹੈ।ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਇਸ ਇਮਾਰਤ ਦੇ ਅੰਦਰ ਅਤੇ ਬਾਹਰ ਕੰਧ ਨਾਲ ਲੱਗੇ ਹੋਏ ਪਹਾੜੀ ਮਲਬੇ ਨੂੰ ਹਟਾਉਣ ਲਈ ਹੁਣ ਤੱਕ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਛੇ ਸਾਲ ਤੋਂ ਅਧੂਰੀ ਪਈ ਇਮਾਰਤ ਹੁਣ ਰਾਤ ਸਮੇਂ ਬੇਸਹਾਰਾ ਪਸ਼ੂਆਂ ਦਾ ਰਿਹਾਇਸ਼ੀ ਟਿਕਾਣਾ ਬਣ ਚੁੱਕਿਆ ਹੈ। ਜੇਕਰ ਇਸ ਦੀ ਸਮੇਂ ਸਿਰ ਸਾਂਭ ਸੰਭਾਲ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਅਧੂਰੀ ਬਣੀ ਇਮਾਰਤ ਖੰਡਰ ਬਣ ਸਕਦੀ ਹੈ। ਨਵੇਂ ਸਾਲ 2026 ਵਿਚ ਅਧੂਰੀ ਇਮਾਰਤ ਦਾ ਕੰਮ ਪੂਰਾ ਹੋਣ ਦੀ ਲੋਕਾਂ ਨੂੰ ਆਸ ਸ਼ਹਿਰ ਦੇ ਲੋਕਾਂ ਨੇ ਆਸ ਪ੍ਰਗਟਾਈ ਹੈ ਕਿ ਨਵੇਂ ਸਾਲ 2026 ਵਿਚ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪ ਨਿਜੀ ਦਿਲਚਸਪੀ ਲੈ ਕੇ ਨਗਰ ਪੰਚਾਇਤ ਦੇ ਜਰੀਏ ਇਸ ਅਧੂਰੀ ਪਈ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਪੂਰਾ ਕਰਵਾ ਕੇ ਲੋਕ ਅਰਪਣ ਕਰਨਗੇ। ਕੀ ਕਹਿਣਾ ਹੈ ਨਗਰ ਪੰਚਾਇਤ ਦੇ ਪ੍ਰਧਾਨ ਦਾ ਇਸ ਬਾਰੇ ਜਦੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਐਸ.ਪੀ. ਕੌੜਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਕਮਿਊਨਿਟੀ ਸੈਂਟਰ ਦੇ ਅਧੂਰੇ ਕੰਮ ਨੂੰ ਪੂਰਾ ਕਰਵਾਉਣ ਲਈ ਕਰੀਬ ਦੋ ਸਾਲ ਪਹਿਲਾਂ ਮਤਾ ਪਾ ਕੇ 60 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਸੀ ਅਤੇ ਇਸ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਨ ਲਈ ਨਗਰ ਪੰਚਾਇਤ ਵਲੋਂ ਕਈ ਵਾਰ ਠੇਕੇਦਾਰ ਨੂੰ ਪੱਤਰ ਵੀ ਲਿਖੇ ਗਏ ਸਨ , ਪਰ ਉਹ ਕੰਮ ਕਰਨ ਲਈ ਨਹੀਂ ਆ ਰਿਹਾ ਹੈ, ਹੁਣ ਉਕਤ 60 ਲੱਖ ਰੁਪਏ ਦੀ ਰਾਸ਼ੀ ਹੋਰ ਪਾਸੇ ਵਿਕਾਸ ਕਾਰਜਾਂ ਦੇ ਖਰਚ ਕੀਤੀ ਜਾ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਕਰਵਾਉਣ ਲਈ ਅਤੇ ਪਿਛਲੇ ਪਾਸੇ ਡਿੱਗੀ ਪਹਾੜ ਦੀ ਮਿੱਟੀ ਚਕਾਉਣ ਲਈ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਫੰਡ ਜਾਰੀ ਕਰੇ, ਉਹਨਾਂ ਕਿਹਾ ਕਿ ਸਾਡੇ ਵੱਲੋਂ ਤਾਂ ਪਿਛਲੇ ਕਾਫੀ ਸਮੇਂ ਤੋਂ ਇਸ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ।