ਖ਼ਾਲਸਈ ਸ਼ਾਨ ਦਾ ਪ੍ਰਤੀਕ 'ਹੋਲਾ-ਮਹੱਲਾ': ਨੀਲੇ ਤੇ ਕੇਸਰੀ ਰੰਗ 'ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ, ਨਿਹੰਗ ਸਿੰਘਾਂ ਦੇ ਮਾਰਸ਼ਲ ਆਰਟ ਨੇ ਮੋਹਿਆ ਸੰਗਤ ਦਾ ਮਨ
ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਵਿੱਚ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ 27 ਫਰਵਰੀ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹੋਈ, ਅੱਜ ਦੂਜੇ ਦਿਨ ਗੁਰੂ ਘਰਾਂ ਵਿੱਚ ਸੰਗਤਾਂ ਦੀ ਰੌਣਕ ਦਿਖੀ, ਸ੍ਰੀ ਕੀਰਤਪੁਰ ਸਾਹਿਬ ਦੇ ਗਰਦੁਆਰਾ ਪਤਾਲਪੁਰੀ ਸਾਹਿਬ , ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ, ਗੁਰਦੁਆਰਾ ਚਰਨ ਕਮਲ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਬਿਬਾਨ ਗੜ੍ਹ ਸਾਹਿਬ ਸੰਗਤਾਂ ਨੇ ਮੱਥਾ ਟੇਕਿਆ।
Publish Date: Sat, 28 Feb 2026 03:41 PM (IST)
Updated Date: Sat, 28 Feb 2026 04:26 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ - ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਵਿੱਚ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ 27 ਫਰਵਰੀ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹੋਈ, ਅੱਜ ਦੂਜੇ ਦਿਨ ਗੁਰੂ ਘਰਾਂ ਵਿੱਚ ਸੰਗਤਾਂ ਦੀ ਰੌਣਕ ਦਿਖੀ, ਸ੍ਰੀ ਕੀਰਤਪੁਰ ਸਾਹਿਬ ਦੇ ਗਰਦੁਆਰਾ ਪਤਾਲਪੁਰੀ ਸਾਹਿਬ , ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ, ਗੁਰਦੁਆਰਾ ਚਰਨ ਕਮਲ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਬਿਬਾਨ ਗੜ੍ਹ ਸਾਹਿਬ ਸੰਗਤਾਂ ਨੇ ਮੱਥਾ ਟੇਕਿਆ। ਸੰਗਤਾਂ ਗੁਰੂ ਘਰ ਨਤਮਸਤਕ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਰਹੀਆਂ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ ਐਤਵਾਰ ਇੱਕ ਮਾਰਚ ਨੂੰ ਪਾਏ ਜਾਣਗੇ। ਵੱਖ-ਵੱਖ ਗੁਰੂ ਘਰਾਂ ਵਿੱਚ ਦੀਵਾਨ ਸਜਾਏ ਗਏ ਹਨ।
ਕਾਬਲੇ ਗੌਰ ਹੈ ਕੀ ਛੇ ਰੋਜਾ ਹੋਲਾ ਮਹੱਲਾ 27, 28 ਫਰਵਰੀ ਤੇ 1 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਦੋ, ਤਿੰਨ, ਚਾਰ ਮਾਰਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਆਰੰਭਤਾ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾ ਕੇ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਏ, ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਨੇ ਅਰਦਾਸ ਬੇਨਤੀ ਕੀਤੀ ਅਤੇ ਪਹਿਲੇ ਪੜਾ ਦੀ ਆਰੰਭਤਾ ਹੋਈ ਸੀ, ਇਸ ਦੌਰਾਨ ਅਰਦਾਸ ਕਰਨ ਮਗਰੋਂ ਸ਼ਰਧਾ ਭਾਵਨਾ ਦੇ ਨਾਲ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਮਗਰੋਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਹੋਏ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਇਸ ਤਿਉਹਾਰ ਦੀ ਮਹੱਤਤਾ ਸਬੰਧੀ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਸਨ। ਜਿੱਥੇ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਖੇਡਿਆ ਜਾਂਦਾ ਹੈ, ਉੱਥੇ ਸਿੱਖ ਪੰਥ ਹੋਲੇ ਮਹੱਲੇ ਦੇ ਰੂਪ ਵਿੱਚ ਨਵੇਕਲੇ ਅਤੇ ਵੱਖਰੇ ਢੰਗ ਦੇ ਨਾਲ ਆਪਣਾ ਤਿਉਹਾਰ ਮਨਾਉਂਦੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਪੂਰੀ ਪਵਿੱਤਰਤਾ ਅਤੇ ਅਦਬ ਸਤਿਕਾਰ ਦੇ ਨਾਲ ਮਨਾਉਣਾ ਚਾਹੀਦਾ ਟਰੈਕਟਰ ਟਰਾਲੀਆਂ ਤੇ ਗਾਇਕੀ ਦੇ ਗੀਤਾ ਨੂੰ ਛੱਡ ਕੇ ਗੁਰਬਾਣੀ, ਢਾਡੀ ਵਾਰਾਂ, ਕਵੀਸ਼ਰੀ ਆਦੀ ਮੱਧਮ ਆਵਾਜ਼ ਵਿੱਚ ਲਗਾ ਕੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਦੀਦਾਰੇ ਕਰਨ ਆਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਮੇਲਾ ਨਹੀਂ ਬਲਕਿ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਵਿੱਚ ਗੁਰੂ ਸਾਹਿਬ ਦੀ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਪੁਰਾਤਨ ਤਰੀਕੇ ਨਾਲ ਚੱਲ ਰਹੇ ਜੰਗਜੂ ਕਰਤੱਬ ਦਿਖਾ ਕੇ ਮਾਨ ਪ੍ਰਾਪਤ ਕਰਦੇ ਹਨ ਅਤੇ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਸਾਰੇ ਪ੍ਰਬੰਧ ਉਚੇਚੇ ਤੌਰ 'ਤੇ ਮੁਕੰਮਲ ਕੀਤੇ ਗਏ ਹਨ। ਸੰਗਤਾਂ ਦਾ ਦੁਰਘਟਨਾ ਬੀਮਾ ਵੀ ਕੀਤਾ ਗਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਇਸ ਕੌਮੀ ਤਿਉਹਾਰ ਵਿੱਚ 5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਛੋਟੇ ਵੱਡੇ ਅਧਿਕਾਰੀ ਤਾਇਨਾਤ ਹਨ ਅਤੇ 200 ਸੀ,ਸੀ,ਟੀ,ਵੀ ਕੈਮਰੇ ਅਤੇ ਡਰੋਨ ਕੈਮਰਿਆਂ ਰਾਹੀਂ ਚੱਪੇ ਚੱਪੇ 'ਤੇ ਪੁਲਿਸ ਦੀ ਨਜ਼ਰ ਹੈ। ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਸਾਰੇ ਗੁਰੂ ਘਰਾਂ ਨੂੰ ਫੁੱਲਾਂ, ਲੜੀਆਂ ਅਤੇ ਦੀਪ ਮਾਲ ਨਾਲ ਸਜਾਇਆ ਗਿਆ ਹੈ। ਹਰ ਇੱਕ ਗੁਰੂ ਘਰ ਵਿੱਚ ਸੰਗਤਾਂ ਲਈ ਲੰਗਰਾਂ ਗਠੜੀ ਘਰਾਂ ਜੋੜਾ ਘਰਾਂ ਦੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਿਲਾ ਅਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਖਾਲਸਾ ਪੰਥ ਦੀ ਆਨ ਸ਼ਾਨ ਤੇ ਪ੍ਰਤੀਕ ਹੋਲੇ ਮਹੱਲੇ ਦੀ ਆਰੰਭਤਾ ਨਗਾਰਿਆਂ ਦੀ ਚੋਟ 'ਤੇ ਹੋਈ।
ਇਸ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਗਾਇਨ ਕੀਤਾ ਗਿਆ ਢਾਡੀ ਜਥੇ ਵੱਲੋਂ ਇਤਿਹਾਸ ਗਾਇਨ ਕੀਤਾ ਗਿਆ ਅਤੇ ਸੱਚੇ ਪਾਤਸ਼ਾਹ ਤੇ ਸਨਮੁਖ ਅਰਦਾਸ ਕੀਤੀ ਗਈ ਕਿ ਇਸ ਸਾਲ ਵੀ ਇਹ ਹੋਲਾ ਮਹੱਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋ ਸਕੇ। ਇਸ ਮੌਕੇ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ, ਸੰਤ ਬਾਬਾ ਕਸ਼ਮੀਰ ਸਿੰਘ ਜੀ, ਤਰਨਾ ਦਲ ਦੇ ਮੁਖੀ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਬੂਟਾ ਸਿੰਘ, ਸਾਮ ਤਾਂ ਬਾਬਾ ਤੀਰਥ ਸਿੰਘ, ਸੰਤ ਬਾਬਾ ਅਵਤਾਰ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਧਨੌਲਾ, ਦਲਜੀਤ ਸਿੰਘ ਭਿੰਡਰ ਐਸਜੀਪੀਸੀ ਮੈਂਬਰ ਹਿਮਾਚਲ ਪ੍ਰਦੇਸ਼ ਅਤੇ ਬਹੁਤ ਸਾਰੇ ਵਿਦਵਾਨ ਪੰਥਕ ਸ਼ਖਸੀਅਤਾਂ ਵੱਲੋਂ ਨਗਾੜਿਆਂ ਦੀ ਚੋਟ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਸੀ।
ਇਸ ਦੌਰਾਨ ਗੁਰੂ ਘਰਾਂ ਵਿੱਚ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਸੰਗਤਾਂ ਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਕਾਰਾਂ ਤੇ ਸ੍ਰੀ ਕੀਰਤਪੁਰ ਸਾਹਿਬ ਗੁਰਧਾਮਾਂ ਦੇ ਦਰਸ਼ਨ ਕਰਨ ਆ ਰਹੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਸਖਤ ਇੰਤਜ਼ਾਮ ਕੀਤੇ ਗਏ ਹਨ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਸੰਗਤਾਂ ਨੂੰ ਕਈ ਕਿਲੋਮੀਟਰ ਘੁੰਮ ਕੇ ਬਾਬਾ ਗੁਰਦਿੱਤਾ ਜੀ ਦਾ ਸ਼ਹਿਰ ਦੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣਾ ਪੈਂਦਾ ਹੈ। ਗੁਰਦੁਆਰਾ ਚਰਨ ਕਮਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਦੀਵਾਨਾਂ ਦੀ ਆਰੰਭਤਾ ਕੀਤੀ ਗਈ, ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਢਾਡੀ ਅਤੇ ਕਵੀਸ਼ਰ ਸਮੇਂ-ਸਮੇਂ ਦੌਰਾਨ ਸੰਗਤਾਂ ਨੂੰ ਨਿਹਾਲ ਕਰਨਗੇ। ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਜਗ੍ਹਾ ਲੰਗਰ ਲਗਾਏ ਗਏ ਹਨ।