ਚਰਚਾਵਾਂ ’ਚ ਆਇਆ ਨੰਗਲ ਦਾ ਪਤੰਗ ਉਤਸਵ
ਚਰਚਾ ਵਿਚ ਹੈ ਨੰਗਲ ਦਾ ਪਤੰਗ ਉਤਸਵ
Publish Date: Wed, 11 Feb 2026 06:38 PM (IST)
Updated Date: Wed, 11 Feb 2026 06:41 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਸ਼ਹਿਰ ਦੇ ਵਿਚ ਆਪਣੀ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਪਤੰਗ ਉਸਵ ਲੋਕਾਂ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਪਤੰਗ ਉਤਸਵ ਦਾ ਲੁਤਫ ਬੱਚੇ ਹੀ ਨਹੀਂ ਸਗੋਂ ਸੀਨੀਅਰ ਸਿਟੀਜਨ ਤੱਕ ਹਰ ਵਰਗ ਨੇ ਲਿਆ । ਇਸ ਫੈਸਟੀਵਲ ਜਿੱਥੇ ਚਾਈਨਾ ਡੋਰ ਦੇ ਖਿਲਾਫ ਇਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਨੰਗਲ ਬਾਇ ਸਾਈਕਲ ਕਲੱਬ ਨੇ ਸਫਲਤਾ ਹਾਸਲ ਕੀਤੀ, ਉੱਥੇ ਹੀ ਇਸ ਫੈਸਟੀਵਲ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡੀਆਈਜੀ ਗੁਲਨੀਤ ਸਿੰਘ ਖੁਰਾਨਾ ਅਤੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਵੀ ਪਤੰਗ ਉਡਾਉਣ ਤੋਂ ਨਾ ਰਹਿ ਸਕੇ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਨੰਗਲ ਬਾਇ ਸਾਈਕਲ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿ ਸਥਾਨਕ ਕ੍ਰਿਕਟ ਗਰਾਊਂਡ ਦੇ ਵਿਚ ਬਿਨ੍ਹਾਂ ਕਿਸੇ ਮੁਕਾਬਲੇ ਤੋਂ ਇੱਕ ਪਤੰਗ ਉਤਸਵ ਰੱਖਿਆ ਗਿਆ,ਜਿਸ ਦੇ ਵਿਚ 200 ਤੋਂ ਵੱਧ ਪਤੰਗਬਾਜਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਡੋਰ ਅਤੇ ਪਤੰਗ ਵੀ ਕਲੱਬ ਵੱਲੋਂ ਮੁਹਈਆ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸੁੰਦਰਤਾ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਚਾਰ ਘੰਟੇ ਦਾ ਸਮਾਂ ਬਿਤਾਇਆ ਗਿਆ। ਇੱਥੇ ਹੀ ਬਸ ਨਹੀਂ ਇਸ ਕੈਂਪ ਦੇ ਵਿਚ ਇਕੱਲਾ ਪਤੰਗਬਾਜੀ ਦਾ ਈਵੈਂਟ ਹੀ ਨਹੀਂ ਕਰਵਾਇਆ ਗਿਆ, ਸਗੋਂ ਨੰਗਲ ਦੀ ਸੁੰਦਰਤਾ ’ਤੇ ਆਰਟ ਮੁਕਾਬਲੇ ਅਤੇ ਅੰਗ ਦਾਨ ਕਰਨ ਦੇ ਲਈ ਇੱਕ ਰਜਿਸਟਰੇਸ਼ਨ ਕੈਂਪ ਵੀ ਲਗਾਇਆ ਗਿਆ ਅਤੇ ਸੱਭਿਆਚਾਰਕ ਪ੍ਰੋਗਰਾਮ ’ਤੇ ਭੰਗੜੇ ਨੇ ਇੰਜ ਲੱਗ ਰਿਹਾ ਸੀ ਜਿਵੇਂ ਸਾਰਾ ਸ਼ਹਿਰ ਆਪਣੇ ਵੱਲ ਖਿੱਚ ਲਿਆ ਹੋਵੇ। ਨੰਗਲ ਵਿਚ ਮੁੜ ਮੇਲੇ ਲੱਗਣੇ ਖੁਸ਼ਹਾਲੀ ਦਾ ਪ੍ਰਤੀਕ: ਸੰਜੀਵ ਗੌਤਮ ਇਸ ਸਬੰਧੀ ਗੱਲ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਨੰਗਲ ਦੇ ਵਿਚ ਮੁੜ ਤੋਂ ਰੋਣਕਾਂ ਪਰਤੀਆਂ ਹਨ। ਉਹਨਾਂ ਨੇ ਕਿਹਾ ਕਿ ਨੰਗਲ ਦੇ ਫਲਾਈ ਓਵਰ ਦੇ ਚੱਲਣ ਤੋਂ ਬਾਅਦ ਇਲਾਕੇ ਦੇ ਵਿਚ ਕਾਰੋਬਾਰ ਵੀ ਵਧਿਆ ਹੈ । ਉਹਨਾਂ ਨੇ ਨੰਗਲ ਬਾਇ ਸਾਈਕਲ ਕਲੱਬ ਵੱਲੋਂ ਕਰਵਾਏ ਗਏ ਇਸ ਪਤੰਗ ਉਤਸਵ ’ਤੇ ਕਰਨ ਚੌਧਰੀ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਇਸ ਤਰ੍ਹਾਂ ਦਾ ਈਵੈਂਟ ਹੋਇਆ ਹੈ, ਜਿਸ ਵਿਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੇ ਜੋਸ਼ੋ ਖਰੋਸ਼ ਦੇ ਨਾਲ ਹਿੱਸਾ ਲਿਆ ਹੈ ਅਤੇ ਕਿਸੇ ਦਾ ਕੋਈ ਰੁਪਈਆ ਵੀ ਖਰਚ ਨਹੀਂ ਹੋਇਆ । ਉਹਨਾਂ ਨੇ ਨੰਗਲ ਬਾਇ ਸਾਇਕਲ ਕਲੱਬ ਨੂੰ ਇਸ ਸਮਾਗਮ ਨੂੰ ਹਰ ਸਾਲ ਕਰਨ ਦੇ ਲਈ ਵੀ ਕਿਹਾ।