ਨੰਗਲ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਈ ਹੱਲ
ਨੰਗਲ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਈ ਹੱਲ, ਸਥਾਨਕ ਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕੀਤਾ ਧੰਨਵਾਦ
Publish Date: Tue, 17 Feb 2026 05:02 PM (IST)
Updated Date: Tue, 17 Feb 2026 05:06 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਨੰਗਲ ਸਥਿਤ ਗਊਸ਼ਾਲਾ ਨਾਲ ਜੁੜਿਆ 2006 ਤੋਂ ਲਟਕਦਾ ਆ ਰਿਹਾ ਕਾਨੂੰਨੀ ਮਾਮਲਾ ਮਾਣਯੋਗ ਅਦਾਲਤ ਵੱਲੋਂ ਰੱਦ ਹੋਣ ਨਾਲ ਸਮਾਜ ਲਈ ਵੱਡੀ ਖੁਸ਼ਖਬਰੀ ਬਣ ਕੇ ਸਾਹਮਣੇ ਆਇਆ ਹੈ। ਲੰਬੇ ਸਮੇਂ ਤੋਂ ਗਊਸ਼ਾਲਾ ਉੱਤੇ ਖਾਲੀ ਕਰਨ ਦੀ “ਤਲਵਾਰ ਲਟਕ ਰਹੀ ਸੀ” ਅਤੇ ਕਈ ਵਾਰ ਵਿਭਾਗੀ ਤੌਰ ‘ਤੇ ਕਬਜ਼ਾ ਲੈਣ ਦੇ ਆਦੇਸ਼ ਵੀ ਜਾਰੀ ਹੋ ਚੁੱਕੇ ਸਨ। ਇਸ ਕਾਰਨ ਗਊਸ਼ਾਲਾ ਦੀ ਵਿਕਾਸ ਲਗਭਗ ਦੋ ਦਹਾਕਿਆਂ ਤੋਂ ਲਟਕ ਰਿਹਾ ਸੀ। ਇਸ ਸਬੰਧੀ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਅਤੇ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ’ਤੇ ਗਊਸ਼ਾਲਾ ਪ੍ਰਬੰਧਕਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ ਦੀ ਪੂਰੀ ਟੀਮ ਨੇ ਦਿਨ-ਰਾਤ ਇਕ ਕਰਕੇ ਕਾਨੂੰਨੀ ਲੜਾਈ ਲੜੀ। ਇਸ ਵਿਚ ਵਕੀਲਾਂ ਦੀ ਟੀਮ ਵੱਲੋਂ ਮਜ਼ਬੂਤ ਪੈਰਵੀ ਕੀਤੀ ਗਈ, ਜਦ ਕਿ ਸਰਕਾਰੀ ਪੱਧਰ ‘ਤੇ ਸੰਬੰਧਤ ਵਿਭਾਗਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਹੱਲ ਵੱਲ ਕਦਮ ਵਧਾਏ ਗਏ। ਵਿਭਾਗੀ ਸਹਿਯੋਗ ਨਾਲ ਜ਼ਮੀਨ ਮਾਮਲੇ ‘ਚ ਆਈ ਰਾਹਤ ਨੇ ਅੰਤ ਵਿਚ ਕੇਸ ਨੂੰ ਡਿਸਮਿਸ ਕਰਵਾ ਦਿੱਤਾ।ਇਸ ਪੂਰੇ ਪ੍ਰਕਿਰਿਆ ਦੌਰਾਨ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਵੱਲੋਂ ਮਾਮਲੇ ‘ਚ ਨਿੱਜੀ ਦਿਲਚਸਪੀ ਲੈ ਕੇ ਸਪਸ਼ਟ ਨਿਰਦੇਸ਼ ਦਿੱਤੇ ਗਏ ਕਿ ਗਊਸ਼ਾਲਾ ਨੂੰ ਕਿਸੇ ਵੀ ਹਾਲਤ ਵਿਚ ਖਾਲੀ ਨਾ ਕੀਤਾ ਜਾਵੇ। ਉਨ੍ਹਾਂ ਦੀ ਅਗਵਾਈ ਹੇਠ ਸੰਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕਾਨੂੰਨੀ ਅਤੇ ਪ੍ਰਸ਼ਾਸਕੀ ਪੱਧਰ ‘ਤੇ ਰੁਕਾਵਟਾਂ ਦੂਰ ਕੀਤੀਆਂ ਗਈਆਂ।ਗਊਸ਼ਾਲਾ ਪ੍ਰਬੰਧਕਾਂ ਨੇ ਕਿਹਾ ਕਿ ਹੁਣ ਕਾਨੂੰਨੀ ਕਾਰਵਾਈ ਖਤਮ ਹੋਣ ਨਾਲ ਗਊ ਮਾਤਾ ਦੀ ਸੰਭਾਲ, ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ, ਢਾਂਚਾਗਤ ਸੁਧਾਰ ਅਤੇ ਵਿਕਾਸ ਕਾਰਜ ਨਵੇਂ ਦ੍ਰਿਸ਼ਟੀਕੋਣ ਨਾਲ ਕੀਤੇ ਜਾਣਗੇ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਗਊ-ਸੇਵਾ ਨੂੰ ਸਾਂਝੀ ਜ਼ਿੰਮੇਵਾਰੀ ਸਮਝ ਕੇ ਅੱਗੇ ਆਉਣ। ਇਸ ਇਤਿਹਾਸਕ ਫੈਸਲੇ ‘ਤੇ ਸਥਾਨਕ ਲੋਕਾਂ ਅਤੇ ਸਮਾਜਿਕ ਆਗੂਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਐਡਵੋਕੇਟ ਅਮਨ ਅਗਨੀ ਸੰਦਲ, ਸੁਮਿਤ ਅਗਨੀ ਸੰਦਲ ਮੈਂਬਰ ਬ੍ਰਹਾਮਣ ਵੈੱਲਫੇਅਰ ਬੋਰਡ ਪੰਜਾਬ, ਸੀਨੀਅਰ ਆਗੂ ਸਤੀਸ਼ ਚੋਪੜਾ, ਮੁਕੇਸ਼ ਵਰਮਾ,ਮਨਜੋਤ ਰਾਣਾ, ਐਡਵੋਕੇਟ ਨਿਸ਼ਾਂਤ ਗੁਪਤਾ,ਨਰਿੰਦਰ ਨਿੰਦੀ,ਸਰਪੰਚ ਗੋਪਾਲ ਅਗਨੀਹੋਤਰੀ,ਸਰਪੰਚ ਗੁਵਿੰਦਰ ਸੇਖੋਂ,ਸਰਪੰਚ ਮੁਕੇਸ਼ ਕੁਮਾਰ,ਸਰਪੰਚ ਯਗ ਦੱਤ,ਸਰਪੰਚ ਤਿਲਕ ਰਾਜ,ਅਮਿਤ ਬਰਾਰੀ,ਦੀਪੂ ਬਰਾਰੀ ਆਦਿ ਨੇ ਕੈਬਨਿਟ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ।