ਨਗਰ ਪੰਚਾਇਤ ਨੇ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਹਟਵਾਇਆ
ਨਗਰ ਪੰਚਾਇਤ ਕਰਮਚਾਰੀਆਂ ਨੇ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਹਟਵਾਇਆ
Publish Date: Mon, 09 Feb 2026 05:05 PM (IST)
Updated Date: Tue, 10 Feb 2026 04:03 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਦੇ ਕਰਮਚਾਰੀਆਂ ਨੇ ਅੱਜ ਸ਼੍ਰੀ ਕੀਰਤਪੁਰ ਸਾਹਿਬ ਮੁੱਖ ਬਾਜ਼ਾਰ ਦੇ ਵਿਚ ਜਾ ਕੇ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਮਾਨ ਹਟਵਾਇਆ ਅਤੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਬਲੇ ਗੌਰ ਹੈ ਕਿ ਕੁਝ ਦਿਨਾਂ ਬਾਅਦ ਖਾਲਸੇ ਪੰਥ ਦਾ ਪਵਿੱਤਰ ਤਿਉਹਾਰ ਹੋਲਾ ਮਹੱਲਾ ਸ਼ੁਰੂ ਹੋਣ ਵਾਲਾ ਹੈ ਇਸ ਦੌਰਾਨ ਇਹ ਮੇਲਾ ਤਿੰਨ ਦਿਨ ਸ੍ਰੀ ਕੀਰਤਪੁਰ ਸਾਹਿਬ ਅਤੇ ਅਗਲੇ ਤਿੰਨ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਹੋਲੇ-ਮਹੱਲੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਤਹਿਤ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਬਸ ਅੱਡਾ ਰੇਲਵੇ ਸਟੇਸ਼ਨ ’ਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਦੁਆਰਾ ਬਾਹਰ ਰੱਖਿਆ ਗਿਆ ਸਮਾਨ ਆਉਣ ਜਾਣ ਵਾਲੀਆਂ ਸੰਗਤਾਂ ਲਈ ਰੁਕਾਵਟਾਂ ਪੈਦਾ ਕਰਦਾ ਸੀ। ਇਸ ਦੌਰਾਨ ਇੰਸਪੈਕਟਰ ਗੁਰਦੇਵ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਟੀਮ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜ਼ੇ ਅਤੇ ਪਲਾਸਟਿਕ ਦੀ ਰੋਕਥਾਮ ਦੇ ਲਈ ਕੰਮ ਕਰ ਰਹੀ ਹੈ। ਅੱਜ ਉਸੇ ਕੜੀ ਦੇ ਤਹਿਤ ਕੀਰਤਪੁਰ ਸਾਹਿਬ ਮੁੱਖ ਬਾਜ਼ਾਰ ਦੇ ਅੰਦਰ ਜਿਹੜੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਆਵਾਜਾਈ ਦੇ ਵਿਚ ਵਿਘਨ ਪਾਇਆ ਜਾਂਦਾ ਹੈ, ਉਨ੍ਹਾਂ ਦਾ ਸਮਾਨ ਹਟਵਾਇਆ ਹੈ। ਫਿਲਹਾਲ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਭਵਿੱਖ ਵਿਚ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਜੇਕਰ ਉਹ ਫਿਰ ਵੀ ਬਾਜ ਨਹੀਂ ਆਉਣਗੇ ਤਾਂ ਉਹਨਾਂ ਦਾ ਸਮਾਨ ਜਬਤ ਕਰ ਲਿਆ ਜਾਵੇਗਾ ਅਤੇ ਉਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਪਲਾਸਟਿਕ ਦੇ ਲਿਫਾਫੇ ਜਾਂ ਹੋਰ ਪਾਬੰਦੀਸ਼ੁਦਾ ਸਮਾਨ ਵੇਚਦਾ ਹੈ ਤਾਂ ਉਸਦਾ ਸਮਾਨ ਜਬਤ ਕਰਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤੇ ਸਮਾਨ ਦੁਕਾਨਾਂ ਦੇ ਅੰਦਰ ਹੀ ਲਗਾਉਣਾ ਚਾਹੀਦਾ ਹੈ ਤੇ ਦੁਕਾਨਦਾਰਾਂ ਨੂੰ ਆਪਣੇ ਵਹੀਕਲ ਸਾਈਡ ’ਤੇ ਖੜ੍ਹੇ ਕਰਨੇ ਚਾਹੀਦੇ ਹਨ।