ਐਂਟਰੀ ਟੈਕਸ ਖ਼ਿਲਾਫ਼ ਲਾਮਬੰਦੀ ਸ਼ੁਰੂ, ਟੈਕਸੀ ਯੂਨੀਅਨ ਵੱਲੋਂ ਤਿੱਖਾ ਵਿਰੋਧ
ਹਿਮਾਚਲ ਐਂਟਰੀ ਟੈਕਸ ਖਿਲਾਫ ਲਾਮਬੰਦੀ ਹੋਈ ਸ਼ੁਰੂ ਗੌਰਵ ਰਾਣਾ ਦੀ ਅਗਵਾਈ ਵਿਚ ਨੂਰਪੁਰ ਬੇਦੀ ਟੈਕਸੀ ਯੂਨੀਅਨ ਵੱਲੋਂ ਫੈਸਲੇ ਦਾ ਤਿੱਖਾ ਵਿਰੋਧ
Publish Date: Thu, 12 Mar 2026 04:48 PM (IST)
Updated Date: Thu, 12 Mar 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਵਿਚ ਦਾਖਲੇ ‘ਤੇ ਲਗਾਏ ਗਏ ਐਂਟਰੀ ਟੈਕਸ ਦੇ ਖਿਲਾਫ ਇਲਾਕੇ ਵਿਚ ਵਿਰੋਧ ਦੀ ਲਹਿਰ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਨੂਰਪੁਰ ਬੇਦੀ ਵਿਚ ਟੈਕਸੀ ਚਾਲਕਾਂ ਅਤੇ ਮਾਲਕਾਂ ਦੀ ਇਕ ਅਹਿਮ ਮੀਟਿੰਗ ਦੌਰਾਨ ਹਿਮਾਚਲ ਸਰਕਾਰ ਦੇ ਇਸ ਫੈਸਲੇ ਦੀ ਕੜੀ ਨਿੰਦਾ ਕੀਤੀ ਗਈ। ਮੀਟਿੰਗ ਵਿਚ ਆਗੂ ਗੌਰਵ ਰਾਣਾ ਦੀ ਅਗਵਾਈ ਹੇਠ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਇਹ ਟੈਕਸ ਆਮ ਲੋਕਾਂ ਅਤੇ ਰੋਜ਼ੀ-ਰੋਟੀ ਕਮਾਉਣ ਵਾਲੇ ਚਾਲਕਾਂ ‘ਤੇ ਵੱਡਾ ਬੋਝ ਪਾਵੇਗਾ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਲਿਆ ਗਿਆ ਇਹ ਫੈਸਲਾ ਗਲਤ ਹੈ ਅਤੇ ਇਸ ਨਾਲ ਪੰਜਾਬ ਅਤੇ ਹਿਮਾਚਲ ਵਿਚਕਾਰ ਰੋਜ਼ਾਨਾ ਆਵਾਜਾਈ ਕਰਨ ਵਾਲੇ ਟੈਕਸੀ ਚਾਲਕਾਂ, ਵਪਾਰੀਆਂ ਅਤੇ ਆਮ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਧ ਰਹੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਕਾਰਨ ਚਾਲਕਾਂ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਿਆ ਹੈ ਅਤੇ ਹੁਣ ਐਂਟਰੀ ਟੈਕਸ ਲਗਾਉਣਾ ਲੋਕਾਂ ‘ਤੇ ਜ਼ਬਰਦਸਤੀ ਦਾ ਬੋਝ ਪਾਉਣ ਦੇ ਬਰਾਬਰ ਹੈ। ਗੌਰਵ ਰਾਣਾ ਨੇ ਕਿਹਾ ਕਿ ਪੁਰਾਣੇ ਆਂਕੜਿਆਂ ਅਨੁਸਾਰ ਹਰ ਰੋਜ਼ ਵੱਡੀ ਗਿਣਤੀ ਵਿਚ ਟੈਕਸੀਆਂ ਅਤੇ ਛੋਟੇ ਵਾਹਨ ਪੰਜਾਬ ਤੋਂ ਹਿਮਾਚਲ ਵੱਲ ਜਾਂਦੇ ਹਨ ਅਤੇ ਇਸ ਐਂਟਰੀ ਟੈਕਸ ਕਾਰਨ ਹਰ ਦਿਨ ਹਜ਼ਾਰਾਂ ਰੁਪਏ ਦਾ ਵਾਧੂ ਭਾਰ ਚਾਲਕਾਂ ਅਤੇ ਯਾਤਰੀਆਂ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਅੰਦੋਲਨ ਛੇੜਿਆ ਜਾਵੇਗਾ। ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਇਕਜੁਟ ਹੋ ਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹ ਟੈਕਸ ਤੁਰੰਤ ਵਾਪਸ ਨਾ ਲਿਆ ਤਾਂ ਟੈਕਸੀ ਯੂਨੀਅਨਾਂ ਵੱਲੋਂ ਵੱਡੇ ਪੱਧਰ ‘ਤੇ ਲਾਮਬੰਦੀ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਹਿਮਾਚਲ ਸਰਕਾਰ ਦੇ ਇਸ ਫੈਸਲੇ ਦਾ ਹਰ ਮੰਚ ‘ਤੇ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪੀਰ ਬਾਬਾ ਜਿੰਦਾ ਸ਼ਹੀਦ ਟੈਕਸੀ ਯੂਨੀਅਨ ਨੂਰਪੁਰ ਬੇਦੀ ਦੇ ਚਾਲਕ ਅਤੇ ਮਾਲਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਜਿਨ੍ਹਾਂ ਵਿੱਚ ਪ੍ਰਧਾਨ ਦਰਸ਼ਨ ਸਿੰਘ, ਚੇਅਰਮੈਨ ਕਪਿਲ ਦੇਵ ਬਾਵਾ, ਬਿੱਟੂ ਬਾਬਾ, ਬੋਵੀ ਬਾਵਾ, ਦਿਲਾਵਰ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਰਾਣਾ ਜਸਵੀਰ ਸਿੰਘ, ਦਰਸ਼ਨ ਸਿੰਘ ਸੋਨੂ ਬਾਵਾ, ਲੱਕੀ ਕੁਮਾਰ ਗਾਚਲੀ, ਸ਼ਿਵ ਕੁਮਾਰ, ਮਹਿੰਦਰ ਚੰਦ, ਗੁਰਮੀਤ ਸਿੰਘ ਮੀਤ, ਕੁਲਦੀਪ ਸਿੰਘ, ਪ੍ਰੀਤਮ ਸਿੰਘ ਅਤੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਸਮੇਤ ਹੋਰ ਕਈ ਮੈਂਬਰ ਸ਼ਾਮਲ ਸਨ। ਬਾਕਸ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਐਂਟਰੀ ਟੈਕਸ (ਵਾਹਨ ਵਾਰ) ਹਿਮਾਚਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਬਾਹਰੀ ਰਾਜਾਂ ਦੇ ਵਾਹਨਾਂ ਲਈ ਨਵੇਂ ਐਂਟਰੀ ਟੈਕਸ ਦੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜੋ ਇਸ ਤਰ੍ਹਾਂ ਹਨ ਕਾਰ, ਜੀਪ, ਵੈਨ ਅਤੇ ਲਾਈਟ ਮੋਟਰ ਵਾਹਨ ਐਲਵੀਐਮ – 170 ਰੁਪਏ ਪਹਿਲਾਂ 70 ਰੁਪਏ 12 1 ਸੀਟ ਵਾਲੇ ਛੋਟੇ ਯਾਤਰੀ ਵਾਹਨ / ਟੈਕਸੀ – 170 ਰੁਪਏ ਪਹਿਲਾਂ 110 ਰੁਪਏ ਮਿਨੀ ਬੱਸ (ਲਗਭਗ 32 ਸੀਟ) – 320 ਰੁਪਏ ਪਹਿਲਾਂ 180 ਰੁਪਏ ਕਮਰਸ਼ੀਅਲ ਬੱਸਾਂ – 600 ਰੁਪਏ ਪਹਿਲਾਂ 320 ਰੁਪਏ ਦੋ ਐਕਸਲ ਵਾਲੇ ਬੱਸ ਜਾਂ ਟਰੱਕ – 570 ਰੁਪਏ ਭਾਰੀ ਸਮਾਨ ਵਾਲੇ ਵਾਹਨ / ਵੱਡੇ ਟਰੱਕ – 900 ਰੁਪਏ ਪਹਿਲਾਂ 720 ਰੁਪਏ ਕੰਸਟ੍ਰਕਸ਼ਨ ਮਸ਼ੀਨਰੀ ਜਿਵੇਂ ਜੇਸੀਬੀ ਆਦਿ – 800 ਰੁਪਏ ਪਹਿਲਾਂ 570 ਰੁਪਏ ਟਰੈਕਟਰ – 100 ਰੁਪਏ ਪਹਿਲਾਂ 70 ਰੁਪਏ