ਨਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਤੇ ਵਿਭਾਗ ਸਖ਼ਤ
ਰੂਪਨਗਰ ਵਿਚ ਨਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ’ਤੇ ਮਾਈਨਿੰਗ ਵਿਭਾਗ ਦੀ ਸਖ਼ਤ ਕਾਰਵਾਈ
Publish Date: Thu, 29 Jan 2026 06:18 PM (IST)
Updated Date: Fri, 30 Jan 2026 04:08 AM (IST)

ਸਤਲੁਜ ’ਤੇ ਸਵਾਂ ਨਦੀ ਵਿਚ ਰੇਡ ਦੌਰਾਨ 5 ਪੋਕਲੇਨ ਮਸ਼ੀਨਾਂ ਕਾਬੂ, ਮਾਮਲੇ ਦਰਜ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਡੀ.ਆਈ.ਜੀ. ਰੂਪਨਗਰ ਰੇਂਜ ਨਾਨਕ ਸਿੰਘ ਵਲੋਂ ਨਜਾਇਜ ਮਾਈਨਿੰਗ ਦੀ ਰੋਕਥਾਮ ਲਈ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਰੂਪਨਗਰ ਪੁਲਿਸ ਵਲੋਂ ਮਾਈਨਿੰਗ ਵਿਭਾਗ ਦੀ ਟੀਮ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਿਸ ਵਲੋਂ ਕਰੈਸ਼ਰ ਜੋਨ ਅਗੰਮਪੁਰ ਦੇ ਨਾਲ ਲੱਗਦੇ ਸਤਲੁਜ ਦਰਿਆ ਵਿਚ ਰੇਡ ਕੀਤੀ ਗਈ। ਇਸ ਦੌਰਾਨ ਪਿੰਡ ਅਗੰਮਪੁਰ ਦੀ ਹੱਦ ਵਿਚ ਨਜਾਇਜ਼ ਮਾਈਨਿੰਗ ਕਰਦੀਆਂ 4 ਪੋਕਲੇਨ ਮਸ਼ੀਨਾਂ ਨੂੰ ਮੌਕੇ ‘ਤੇ ਕਾਬੂ ਕਰ ਕੇ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਦੀ ਦਰਖ਼ਾਸਤ ‘ਤੇ ਅਣਪਛਾਤੇ ਪੋਕਲੇਨ ਚਾਲਕਾਂ/ਮਾਲਕਾਂ, ਅਣਪਛਾਤੇ ਜ਼ਮੀਨ ਮਾਲਕਾਂ ਅਤੇ ਅਣਪਛਾਤੇ ਟਿੱਪਰ ਚਾਲਕਾਂ/ਮਾਲਕਾਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੀਆਂ ਧਾਰਾਵਾਂ 21(1) ਅਤੇ 4(1) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਧਰ, ਥਾਣਾ ਨੂਰਪੁਰ ਬੇਦੀ ਦੀ ਪੁਲਿਸ ਵਲੋਂ ਵੀ ਮਾਈਨਿੰਗ ਵਿਭਾਗ ਦੀ ਟੀਮ ਨਾਲ ਮਿਲ ਕੇ ਪਿੰਡ ਐਲਗਰਾਂ ਕਰੈਸ਼ਰ ਜੋਨ ਵਿਚ ਸਵਾਂ ਨਦੀ ’ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਪੋਕਲੇਨ ਮਸ਼ੀਨ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਵਿਚ ਵੀ ਪੋਕਲੇਨ ਮਸ਼ੀਨ ਦੇ ਚਾਲਕ/ਮਾਲਕ ਅਤੇ ਨਾਜਾਇਜ਼ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਉਕਤ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਐਸ ਐਸ ਪੀ ਨੇ ਕਿਹਾ ਕਿ ਬਿਨਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਟਿੱਪਰਾਂ ਅਤੇ ਓਵਰਲੋਡ ਵਾਹਨਾਂ ਦੇ ਚਲਾਨ ਕੱਟਣ ਲਈ ਸਪੈਸ਼ਲ ਨਾਕੇ ਵੀ ਲਗਾਏ ਜਾਣਗੇ। ਇਸ ਮੌਕੇ ਐੱਸਪੀ ਗੁਰਦੀਪ ਸਿੰਘ ਗੋਸਲ, ਡੀਐੱਸਪੀ ਜਸ਼ਨਦੀਪ ਸਿੰਘ ਮਾਨ, ਡੀਐੱਸਪੀ ਹਰਕੀਰਤ ਸਿੰਘ, ਥਾਣਾ ਮੁਖੀ ਦਾਨਿਸ਼ਵੀਰ ਸਿੰਘ ਵੀ ਮੌਜੂਦ ਸਨ।