ਪ੍ਰਵਾਸੀ ਪੰਛੀਆਂ ਨੇ ਲਾਈਆਂ ਵੈਟਲੈਂਡ ਏਰੀਏ ਵਿਚ ਰੌਣਕਾਂ
ਪ੍ਰਵਾਸੀ ਪੰਛੀਆਂ ਨੇ ਲਾਈਆਂ ਵੈਟਲੈਂਡ ਏਰੀਏ ਵਿਚ ਰੌਣਕਾਂ
Publish Date: Fri, 09 Jan 2026 05:21 PM (IST)
Updated Date: Fri, 09 Jan 2026 05:24 PM (IST)

ਸਾਈਬੇਰੀਆ, ਰੂਸ ,ਚੀਨ, ਮੰਗੋਲੀਆ ਅਤੇ ਅਫਗਾਨਿਸਤਾਨ ਤੋਂ ਪਹੁੰਚਦੇ ਨੇ ਇੱਥੇ ਪ੍ਰਵਾਸੀ ਪੰਛੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਸ਼ਹਿਰ ਦੇ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਜਿੱਥੇ ਭਾਖੜਾ ਡੈਮ ਆਕਰਸ਼ਿਤ ਕਰਦਾ ਹੈ, ਉੱਥੇ ਹੀ ਸੈਲਾਨੀਆਂ ਨੂੰ ਹਰ ਸਾਲ ਇੱਥੇ ਆਉਣ ਵਾਲੇ ਪ੍ਰਵਾਸੀ ਪੰਛੀ ਵੀ ਆਪਣੇ ਵੱਲ ਖਿੱਚਦੇ ਹਨ ।ਪੰਜਾਬ ਦੀਆਂ ਸ਼ਿਵਾਲਕ ਦੀਆਂ ਵਾਦੀਆਂ ਵਿਚ ਵੱਗ ਰਹੇ ਸਤਲੁਜ ਦਰਿਆ ਅਤੇ ਇਸਦੇ ਆਲੇ ਦੁਆਲੇ ਨੂੰ ਅੰਤਰਰਾਸ਼ਟਰੀ ਵੈਟਲੈਂਡ ਐਲਾਨਿਆ ਗਿਆ ਹੈ, ਕਿਉਂਕਿ ਹਰ ਸਾਲ ਸਰਦ ਰੁੱਤ ਵਿਚ ਹਜ਼ਾਰਾਂ ਪ੍ਰਵਾਸੀ ਪੰਛੀ ਇੱਥੇ ਆਪਣਾ ਡੇਰਾ ਲਾਉਂਦੇ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨੰਗਲ ਇੰਟਰਨੈਸ਼ਨਲ ਵੈਟਲੈਂਡ ਜਿਸ ਨੂੰ ਪਹਿਲੀ ਵਾਰ 2008 ਵਿਚ ਇੱਕ ਅੰਤਰਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਸੀ ਅਤੇ 2010 ਵਿਚ ਇੱਕ ਜੰਗਲੀ ਜੀਵ ਸੈਂਚੁਰੀ ਬਣਾਈ ਗਈ ਸੀ। 2020 ਵਿਚ ਇਸ ਨੂੰ ਰਾਜ ਦੇ ਹੋਰ ਵੈਟਲੈਂਡ ਦੀ ਤਰ੍ਹਾਂ ਦਾ ਦਰਜਾ ਪ੍ਰਾਪਤ ਹੋਇਆ ਸੀ । ਇਥੇ ਸਾਇਬੇਰੀਆ, ਰੂਸ, ਚੀਨ, ਇੰਡੋ ਤਿੱਬਤ ਬਾਰਡਰ, ਮੰਗੋਲੀਆ ਅਤੇ ਅਫਗਾਨਿਸਤਾਨ ਆਦਿ ਤੋ ਆਉਣ ਵਾਲੇ ਮੁੱਖ ਪੰਛੀਆਂ ਦੇ ਵਿਚ ਬਾਰ ਹੈਡਡ ਗੀਜ, ਗਰੇਲੇਗ ਗੀਜ, ਸ਼ੈਲਡਕ ਪਿੰਟਰੈਸਟ ਕਾਮਨ ਕੂਟ, ਨਾਰਦਨ ਸ਼ੀਵਲਰ, ਰੈਡ ਕਰੇਸਟਡ ਪੂਛਡ, ਗਰੇਟ ਕਰੇਸਟਡ, ਪਿੰਨ ਟੇਲਡ, ਮਾਰਸ਼ ਹੈਰੀਅਰ ਆਦੀ ਪ੍ਰਮੁੱਖ ਪੰਛੀ ਹਨ ਅਤੇ ਇਸ ਝੀਲ ’ਤੇ ਪੰਛੀਆਂ ਦੀਆਂ ਹੋਰ ਕਿਸਮਾਂ ਵੀ ਆਉਂਦੀਆਂ ਹਨ। ਇਹ ਪੰਛੀ ਇੱਥੇ ਛੇ ਮਹੀਨੇ ਰਹਿਣ ਤੋਂ ਬਾਅਦ ਗਰਮੀ ਆਉਂਦੇ ਹੀ ਆਪੋ ਆਪਣੇ ਇਲਾਕਿਆਂ ਵਿਚ ਮੁੜ ਜਾਂਦੇ ਹਨ। ਪੰਛੀਆਂ ਦੀ ਸੰਭਾਲ ਵੱਲ ਸਰਕਾਰ ਦੇਵੇ ਧਿਆਨ ਇਸ ਸਬੰਧੀ ਪੰਛੀਆਂ ਦੇ ਰਾਖੀ ਕਰਨ ਵਾਲੀ ਪ੍ਰਮੁੱਖ ਸੰਸਥਾ ਜਾਗਰਿਤੀ ਦੇ ਡਾਇਰੈਕਟਰ ਪ੍ਰਭਾਤ ਭੱਟੀ ਨੇ ਗੱਲ ਕਰਦਿਆਂ ਕਿਹਾ ਕਿ ਇੱਥੇ ਹਰ ਸਾਲ ਤਿੰਨ ਤੋਂ ਚਾਰ ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਆਉਂਦੇ ਹਨ ਅਤੇ ਉਹਨਾਂ ਦੀ ਫੋਟੋਗ੍ਰਾਫੀ ਲਈ ਸੈਂਕੜੇ ਪੰਛੀ ਪ੍ਰੇਮੀ ਵੀ ਇੱਥੇ ਆਉਂਦੇ ਹਨ ਉਹਨਾਂ ਨੇ ਦੱਸਿਆ ਕਿ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਇੱਥੇ ਰੌਣਕਾਂ ਰਹਿੰਦੀਆਂ ਹਨ, ਪਰ ਇਸ ਵਾਰ ਪ੍ਰਵਾਸੀ ਪੰਛੀਆਂ ਦੀ ਗਿਣਤੀ ਬਹੁਤ ਜਿਆਦਾ ਘਟੀ ਹੈ, ਉਹਨਾਂ ਨੇ ਇਸ ਦਾ ਮੁੱਖ ਕਾਰਨ ਦਰਿਆ ਦੇ ਨਾਲ ਨਾਲ ਵੱਧ ਰਹੇ ਆਵਾਜ਼ ਪ੍ਰਦੂਸ਼ਣ ਨੂੰ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਇਹ ਪੰਛੀ ਸ਼ਾਂਤ ਅਤੇ ਇਕਾਗਰ ਮਾਹੌਲ ਭਾਲਦੇ ਹਨ, ਜੋ ਕਿ ਹੁਣ ਇਹਨਾਂ ਦਰਿਆਵਾਂ ਦੇ ਵਿਚ ਨਹੀਂ ਮਿਲ ਰਿਹਾ ਕਿਉਂਕਿ ਆਲੇ ਦੁਆਲੇ ਧਾਰਮਿਕ ਸਥਾਨਾਂ ਦੀਆਂ ਆਵਾਜ਼ਾਂ ਇਹਨਾਂ ਦੀ ਇਕਾਗਰਤਾ ਨੂੰ ਭੰਗ ਕਰਦੀਆਂ ਹਨ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਭਲਾਣ ਇਲਾਕੇ ਦੇ ਕੁਝ ਏਰੀਏ ਵਿਚ ਜਿਸ ਨੂੰ ਇਹ ਆਪਣਾ ਆਰਾਮਗਾਹ ਮੰਨਦੇ ਹਨ ਅਤੇ ਇਹਨਾਂ ਦਾ ਸ਼ਿਕਾਰ ਹੋਣਾ ਵੀ ਸ਼ੁਰੂ ਹੋ ਗਿਆ ਹੈ ਜੋ ਕਿ ਇਹਨਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰਦਾ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਸ਼ਕ ਇਸ ਇਲਾਕੇ ਨੂੰ ਵੈਟਲੈਂਡ ਏਰੀਆ ਘੋਸ਼ਿਤ ਕੀਤਾ ਗਿਆ ਹੈ, ਪਰ ਇਸ ਦਾ ਧਿਆਨ ਰੱਖਣਾ ਅਤੇ ਪੰਛੀਆਂ ਦੇ ਲਈ ਸੁਹਿਰਦ ਮਾਹੌਲ ਬਣਾਉਣਾ ਬੜਾ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਮਹਿਕਮਿਆਂ ਵਿਚ ਚਲਦੀ ਸਟਾਫ ਦੀ ਘਾਟ ਇੱਕ ਵੱਡਾ ਅੜਿਕਾ ਮੰਨਿਆ ਜਾ ਰਿਹਾ ਹੈ ਅਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਵੈਟਲੈਂਡ ਏਰੀਏ ਦੇ ਲਈ ਵਿਸ਼ੇਸ਼ ਉਪਰਾਲੇ ਕਰਨ।