ਮੇਲਾ ਅਫਸਰ ਨੇ ਰੇਲਵੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਮੇਲਾ ਅਫਸਰ ਨੇ ਰੇਲਵੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
Publish Date: Tue, 03 Mar 2026 06:07 PM (IST)
Updated Date: Tue, 03 Mar 2026 06:11 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਨਗਰ ਕੀਰਤਨ (ਮੁਹੱਲਾ) ਨੂੰ ਨਿਰਵਿਘਨ ਤਰੀਕੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਾਇਆ ਅਗੰਮਪੁਰ-ਚਰਨਗੰਗਾ ਸਟੇਡੀਅਮ ਤੱਕ ਲਿਜਾਣ ਲਈ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਰੇਲਵੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਅਗੰਮਪੁਰ ਰੇਲਵੇ ਕਰਾਸਿੰਗ ਅਤੇ ਲੋਦੀਪੁਰ ਰੇਲਵੇ ਕਰਾਸਿੰਗ ’ਤੇ ਸੰਗਤਾਂ ਦੀ ਆਵਾਜਾਈ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣਾ ਸੀ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਮੇਲਾ ਅਫਸਰ ਨੇ ਰੇਲਵੇ ਵਿਭਾਗ ਨੂੰ ਹਦਾਇਤ ਕੀਤੀ ਕਿ ਨਗਰ ਕੀਰਤਨ ਦੇ ਸਮੇਂ ਅਨੁਸਾਰ ਰੇਲ ਗੱਡੀਆਂ ਦੀ ਆਵਾਜਾਈ ਨੂੰ ਸੁਚਾਰ ਕੀਤਾ ਜਾਵੇ ਅਤੇ ਜ਼ਰੂਰਤ ਪੈਣ ‘ਤੇ ਕਰਾਸਿੰਗ ਨੂੰ ਤੁਰੰਤ ਖੋਲ੍ਹਣ ਜਾਂ ਬੰਦ ਕਰਨ ਨੂੰ ਸੁਚਾਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ, ਇਸ ਲਈ ਰੇਲਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਤਾਲਮੇਲ ਬਹੁਤ ਜ਼ਰੂਰੀ ਹੈ। ਇਸ ਮੌਕੇ ਟ੍ਰੈਫਿਕ ਪ੍ਰਬੰਧਾਂ, ਭੀੜ ਨਿਯੰਤਰਣ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਰਾਸਿੰਗ ਨੇੜੇ ਵਿਸ਼ੇਸ਼ ਡਿਊਟੀ ਤਾਇਨਾਤ ਕਰਨ ਅਤੇ ਸੰਗਤਾਂ ਨੂੰ ਮਾਰਗਦਰਸ਼ਨ ਦੇਣ ਲਈ ਸੇਵਾਦਾਰਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ। ਮੇਲਾ ਅਫਸਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਮਕਸਦ ਇਹ ਹੈ ਕਿ ਨਗਰ ਕੀਰਤਨ ਸ਼ਾਂਤੀਪੂਰਨ ਅਤੇ ਬਿਨ੍ਹਾਂ ਰੁਕਾਵਟ ਸੰਪੰਨ ਹੋਵੇ। ਉਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਵਿਭਾਗ ਨਾਲ ਮਿਲਜੁਲ ਕੇ ਹਰ ਸੰਭਵ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਹੋਲਾ ਮਹੱਲਾ ਦੌਰਾਨ ਸੰਗਤਾਂ ਦੀ ਸੁਰੱਖਿਆ ਅਤੇ ਸੁਵਿਧਾ ਯਕੀਨੀ ਬਣਾਈ ਜਾ ਸਕੇ। ਇਸ ਮੋਕੇ ਡੀ.ਐਸ.ਪੀ ਜਸ਼ਨਦੀਪ ਸਿੰਘ ਵੀ ਮੋਜੂਦ ਸਨ।