ਹੋਟਲ ’ਤੇ ਪੁਲਿਸ ਦੀ ਵੱਡੀ ਕਾਰਵਾਈ
ਹੋਟਲ ’ਤੇ ਪੁਲਿਸ ਦੀ ਵੱਡੀ ਕਾਰਵਾਈ
Publish Date: Fri, 27 Mar 2026 05:21 PM (IST)
Updated Date: Fri, 27 Mar 2026 05:23 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਅਨੰਦਪੁਰ ਸਾਹਿਬ ਪੁਲਿਸ ਵੱਲੋਂ ਅਨੈਤਿਕ ਧੰਧਿਆਂ ਖ਼ਿਲਾਫ਼ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਅਗੰਪੁਰ ਚੌਕ ਵਿਖੇ ਸਥਿਤ ਹੋਟਲ ਵਿਚ ਛਾਪੇਮਾਰੀ ਕਰਕੇ ਕੋਠੇ ਦੇ ਰੂਪ ਵਿਚ ਚੱਲ ਰਹੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ 6 ਲੜਕੀਆਂ ਨੂੰ ਬਰਾਮਦ ਕਰਕੇ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਹੈ ਅਤੇ ਇਸ ਧੰਦੇ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਹੋਟਲ ਵਿਚ ਗੈਰਕਾਨੂੰਨੀ ਤਰੀਕੇ ਨਾਲ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ। ਸੂਚਨਾ ਦੀ ਪੁਸ਼ਟੀ ਕਰਨ ਉਪਰੰਤ ਤੁਰੰਤ ਪੁਲਿਸ ਟੀਮ ਬਣਾਈ ਗਈ ਅਤੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਹੋਟਲ ਦੇ ਵੱਖ-ਵੱਖ ਕਮਰਿਆਂ ਦੀ ਜਾਂਚ ਕੀਤੀ ਗਈ, ਜਿੱਥੇ ਸ਼ੱਕੀ ਹਾਲਾਤਾਂ ਵਿਚ ਕੁਝ ਵਿਅਕਤੀ ਮਿਲੇ ਅਤੇ ਅਣੈਤਿਕ ਗਤੀਵਿਧੀਆਂ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ 6 ਲੜਕੀਆਂ ਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੁਰੱਖਿਅਤ ਥਾਂ ‘ਤੇ ਰੱਖਿਆ ਗਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਾਜਪਾਲ ਸਿੰਘ ਵਾਸੀ ਪਿੰਡ ਵਿਛੋਲਾ, ਜ਼ਿਲ੍ਹਾ ਮੁਹਾਲੀ ਅਤੇ ਬਲਜੀਤ ਸਿੰਘ ਵਾਸੀ ਪਿੰਡ ਦਿਆਲਪੁਰ ਵਜੋਂ ਹੋਈ ਹੈ। ਥਾਣਾ ਮੁੰਖੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਚ ਐਫਆਈਆਰ ਨੰਬਰ 53 ਅਧੀਨ ਧਾਰਾ 3, 4 ਅਤੇ 5 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਰੈਕਟ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਟਲ ਦੇ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਿਛਲੇ ਸਮੇਂ ਵਿਚ ਹੋਈਆਂ ਗਤੀਵਿਧੀਆਂ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਧਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਐਸੀ ਕਾਰਵਾਈਆਂ ਜਾਰੀ ਰਹਿਣਗੀਆਂ।