ਐਂਟਰੀ ਟੈਕਸ ਦੇ ਵਿਰੋਧ ਵਿਚ ਮਹੱਤਵਪੂਰਨ ਬੈਰੀਅਰ ’ਤੇ ਇਲਾਕਾ ਵਾਸੀਆਂ ਨੇ ਲਾਇਆ ਧਰਨਾ
ਐਂਟਰੀ ਟੈਕਸ ਦੇ ਵਿਰੋਧ ਵਿਚ ਮਹੱਤਵਪੂਰਨ ਬੈਰੀਅਰ ’ਤੇ ਇਲਾਕਾ ਵਾਸੀਆਂ ਨੇ ਲਗਾਇਆ ਧਰਨਾ
Publish Date: Wed, 01 Apr 2026 05:59 PM (IST)
Updated Date: Wed, 01 Apr 2026 06:01 PM (IST)

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਕੀਤੀ ਅਪੀਲ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿਚ ਅੱਜ ਚੱਕਾ ਜਾਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਮਹਿਤਪੁਰ ਟੋਲ ਬੈਰੀਅਰ ਤੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਦੇ ਵਿੱਚ ਦੋ ਘੰਟੇ ਟਰੈਫਿਕ ਜਾਮ ਕੀਤਾ ਗਿਆ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆਂ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਲਾਕੇ ਦੀ ਲੋਕਾਂ ਦੇ ਨਾਲ ਇਹ ਬੇਇਨਸਾਫੀ ਤਾਂ ਹੈ ਹੀ ਹੈ ਉਪਰੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਇਲਾਕੇ ਦੇ ਲੋਕਾਂ ਦਾ ਝੂਠਾ ਐਲਾਨ ਕਰਕੇ ਇੱਕ ਤਰ੍ਹਾਂ ਨਾਲ ਐਪਰਲ ਫੂਲ ਹੀ ਬਣਾ ਦਿੱਤਾ। ਉਹਨਾਂ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਸਟੇਟ ਐਂਟਰੀ ਟੈਕਸ ਘਟਾਇਆ ਜਾਵੇਗਾ, ਪਰ ਸਾਡੀ ਮੰਗ ਹੈ ਕਿ ਇਸ ਨੂੰ ਬੰਦ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜ ਕਿਲੋਮੀਟਰ ਦੇ ਏਰੀਏ ਦੇ ਵਿੱਚ ਟੈਕਸ ਤੋਂ ਰਿਆਤ ਦੇ ਐਲਾਨ ਨੂੰ ਵੀ ਅਸੀਂ ਮਾਨਤਾ ਨਹੀਂ ਦਿੰਦੇ ਅਤੇ ਸਾਡੀ ਇੱਕੋ ਇੱਕ ਮੰਗ ਹੈ ਕਿ ਐਂਟਰੀ ਟੈਕਸ ਨੂੰ ਖਤਮ ਹੀ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਹ ਇਲਾਕੇ ਦੇ ਲੋਕਾਂ ਦੇ ਨਾਲ ਹਿਮਾਚਲ ਸਰਕਾਰ ਦਾ ਇਹ ਬਹੁਤ ਵੱਡਾ ਧੱਕਾ ਹੈ। ਮੌਕੇ ਤੇ ਪਹੁੰਚੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਹਿਮਾਚਲ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਇਸ ਟੈਕਸ ਨੂੰ ਗੈਰ ਕਾਨੂੰਨੀ ਅਤੇ ਜਨ ਵਿਰੋਧੀ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਟੈਕਸ ਸੰਵਿਧਾਨ ਵੱਲੋਂ ਦਿੱਤੇ ਗਏ ਨਾਗਰਿਕਾਂ ਦੇ ਸੁਤੰਤਰ ਆਵਾਜਾਈ ਅਧਿਕਾਰ ਦੇ ਖਿਲਾਫ ਹੈ ਤੇ ਇੱਕੋ ਦੇਸ਼ ਦੇ ਅੰਦਰ ਰਾਜਾਂ ਦੀਆਂ ਸੀਂਮਾਵਾਂ ਤੇ ਇਸ ਤਰ੍ਹਾਂ ਦੀ ਵਸੂਲੀ ਆਮ ਲੋਕਾਂ ਨਾਲ ਸਿੱਧੀ ਠੱਗੀ ਹੈ । ਉਹਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਹਜ਼ਾਰਾਂ ਲੋਕ ਵਪਾਰ ਅਤੇ ਹੋਰ ਜਰੂਰੀ ਕੰਮਾਂ ਲਈ ਰੋਜ਼ਾਨਾ ਆਵਾਜਾਈ ਕਰਦੇ ਹਨ ਅਤੇ ਇਹ ਐਂਟਰੀ ਟੈਕਸ ਉਹਨਾਂ ਤੇ ਸਿੱਧਾ ਆਰਥਿਕ ਬੋਝ ਹੈ । ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਹਿਮਾਚਲ ਪ੍ਰਦੇਸ਼ ਵਿਧਾਨ ਅਤੇ ਉਨਾਂ ਦੇ ਵਿਧਾਇਕ ਸਤਪਾਲ ਸੱਤੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਇਹ ਅਨਿਆਇਕ ਟੋਲ ਟੈਕਸ ਪ੍ਰਣਾਲੀ ਹਿਮਾਚਲ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਖਤਮ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਖੁਦ ਵੀ ਇਸ ਐਲਾਨ ਦੇ ਪੂਰੇ ਸਮਰਥਨ ਵਿੱਚ ਹਨ ਤੇ ਇਸ ਨੂੰ ਲਾਗੂ ਕਰਵਾਉਣ ਲਈ ਹਰ ਪੱਧਰ ਤੇ ਯਤਨ ਕਰਨਗੇ। ਉਹਨਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਤੁਰੰਤ ਇਸ ਟੈਕਸ ਨੂੰ ਖਤਮ ਕਰਨ ਨਹੀਂ ਤਾਂ ਇਹ ਸੰਘਰਸ਼ ਹੋਰ ਵੱਡਾ ਰੂਪ ਧਾਰ ਲਵੇਗਾ, ਜਿਸ ਦੇ ਲਈ ਸਰਕਾਰ ਜਿੰਮੇਦਾਰ ਹੋਵੇਗੀ। ਧਰਨੇ ਦੇ ਵਿੱਚ ਭਾਜਪਾ ਆਗੂ ਅਰਵਿੰਦ ਮਿੱਤਲ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸਰਕਾਰ ਦੇ ਖਿਲਾਫ ਰੋਸ ਜਾਹਿਰ ਕੀਤਾ। ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਕਰਨ। ਧਰਨੇ ਨੂੰ ਖਤਮ ਕਰਵਾਉਣ ਦੇ ਲਈ ਇਸ ਮੌਕੇ ਤੇ ਐਸਡੀਐਮ ਉਨਾਂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਨੂੰ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਨਾਮ ਤੇ ਧਰਨਾਕਾਰੀਆਂ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਤੇ ਧਰਨੇ ਦੇ ਵਿੱਚ ਭਗਵੰਤ ਸਿੰਘ ਮਟੋਰ, ਸੁਰਜੀਤ ਸਿੰਘ ਢੇਰ, ਰਮਨ ਕੁਮਾਰ ਸ਼ਰਮਾ, ਹਰਮਨਜੀਤ ਸਿੰਘ ਪ੍ਰਿੰਸ, ਡਾਂ ਪਰਮਿੰਦਰ ਸ਼ਰਮਾ, ਐਡਵੋਕੇਟ ਰਕੇਸ਼ ਮੜਕਨ, ਰਕੇਸ਼ ਪੰਮੀ, ਰਕੇਸ਼ ਕੇਛੀ, ਕਸ਼ਮੀਰ ਸਿੰਘ ,ਦਵਿੰਦਰ ਗਾਂਧੀ, ਐਡਵੋਕੇਟ ਨਿਸ਼ਾਂਤ ਗੁਪਤਾ, ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਲੋਕ ਹਾਜ਼ਰ ਸਨ। ਨਵੇਂ ਰੇਟਾਂ ਦਾ ਬੈਰੀਅਰ ’ਤੇ ਲੱਗਿਆ ਬੋਰਡ ਭਾਵੇਂ ਕਿ ਬੀਤੇ ਕੱਲ ਕਾਂਗਰਸ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨਾਲ ਫੋਨ ਤੇ ਗੱਲ ਕਰਦਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਅਤੇ ਕੁਝ ਹੀ ਦੇਰ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਵੀਡੀਓ ਵੀ ਵਾਇਰਲ ਹੋ ਗਈ ਕਿ ਉਹਨਾਂ ਵੱਲੋਂ ਐਂਟਰੀ ਟੈਕਸ ਨੂੰ ਘਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਪਰ ਦੇਰ ਰਾਤ ਨਾ ਸਿਰਫ ਚੀਫ ਸੈਕਟਰੀ ਹਿਮਾਚਲ ਪ੍ਰਦੇਸ਼ ਵੱਲੋਂ ਨਵੇਂ ਟੋਲ ਟੈਕਸਾਂ ਨੂੰ ਜਾਰੀ ਰੱਖਣ ਦੇ ਹੁਕਮ ਲਿਖਤੀ ਰੂਪ ਵਿੱਚ ਦੇ ਦਿੱਤੇ ਗਏ ਸਗੋਂ ਰਾਤੋ ਰਾਤ ਬੈਰੀਅਲ ਤੇ ਨਵੇਂ ਰੇਟ ਲਿਸਟਾਂ ਦੇ ਮੁਤਾਬਕ ਬੋਰਡ ਵੀ ਲਗਾ ਦਿੱਤੇ ਗਏ । ਇੱਥੇ ਹੀ ਬੱਸ ਨਹੀਂ ਰਾਤ 12 ਵਜੇ ਤੋਂ ਬਾਅਦ ਨਵੇਂ ਰੇਟ ਦੇ ਮੁਤਾਬਕ ਪਰਚੀਆਂ ਵੀ ਕੱਟੀਆਂ ਗਈਆਂ।