ਜ਼ਖ਼ਮੀ ਸਾਂਭਰ ਨੂੰ ਕੁੱਤਿਆਂ ਤੋਂ ਬਚਾਇਆ
ਸਥਾਨਕ ਲੋਕਾਂ ਨੇ ਜਖਮੀ ਸਾਂਭਰ ਨੂੰ ਕੁੱਤਿਆਂ ਤੋਂ ਬਚਾਇਆ, ਜੰਗਲੀ ਜੀਵ ਵਿਭਾਗ ਦੇ ਹਵਾਲੇ ਕੀਤਾ
Publish Date: Mon, 05 Jan 2026 06:09 PM (IST)
Updated Date: Mon, 05 Jan 2026 06:11 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਇਤਿਹਾਸਿਕ ਸਥਾਨ ਦਰਗਾਹ ਪੀਰ ਸਾਈ ਬੁੱਢਣ ਸ਼ਾਹ ’ਤੇ ਇੱਕ ਸਾਂਬਰ ਨੂੰ ਸਥਾਨਕ ਸੇਵਾਦਾਰਾਂ ਵੱਲੋਂ ਬਚਾਇਆ ਗਿਆ। ਜਾਣਕਾਰੀ ਅਨੁਸਾਰ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦੇ ਨਜ਼ਦੀਕ ਬਣੇ ਜੰਗਲਾਂ ਵਿੱਚੋਂ ਇੱਕ ਸਾਂਬਰ ਜਿਸਦੇ ਪਿੱਛੇ ਕਈ ਖੁੰਖਾਰ ਕੁੱਤੇ ਪਏ ਹੋਏ ਸਨ ਅਤੇ ਜਖਮੀ ਹਾਲਤ ਵਿਚ ਸੀ, ਦਰਗਾਹ ਦੇ ਸੇਵਾਦਾਰਾਂ ਵੱਲੋਂ ਉਕਤ ਸਾਂਭਰ ਨੂੰ ਕੁੱਤਿਆਂ ਤੋਂ ਬਚਾਇਆ ਗਿਆ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸੇਵਾਦਾਰਾਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਜਖਮੀ ਹੋਏ ਸਾਂਭਰ ਦੀ ਮਲਮ ਪੱਟੀ ਵੀ ਕੀਤੀ ਗਈ। ਮੌਕੇ ’ਤੇ ਥਾਣਾ ਕੀਰਤਪੁਰ ਸਾਹਿਬ ਦੇ ਪੁਲਿਸ ਕਰਮਚਾਰੀ ਵੀ ਪਹੁੰਚ ਗਏ ਸਨ। ਉਹਨਾਂ ਵੱਲੋਂ ਵੀ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਕਰੀਬ ਤਿੰਨ ਚਾਰ ਘੰਟੇ ਬਾਅਦ ਰੂਪਨਗਰ ਤੋਂ ਜੰਗਲੀ ਜੀਵ ਵਿਭਾਗ ਦੇ ਕਰਮਚਾਰੀ ਪਹੁੰਚੇ ਅਤੇ ਸਾਂਭਰ ਨੂੰ ਇਲਾਜ ਲਈ ਰੂਪ ਨਗਰ ਲਿਜਾਇਆ ਗਿਆ। ਉਹਨਾਂ ਦੱਸਿਆ ਕਿ ਇਲਾਜ ਤੋਂ ਬਾਅਦ ਇਸ ਸਾਂਬਰ ਨੂੰ ਜੰਗਲ ਵਿਚ ਛੱਡ ਦਿੱਤਾ ਜਾਵੇਗਾ। ਕਾਬਲੇ ਗੌਰ ਹੈ ਕੀ ਸ਼੍ਰੀ ਕੀਰਤਪੁਰ ਸਾਹਿਬ ਦਾ ਇਲਾਕਾ ਪਹਾੜੀਆਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਹੈ, ਜਿੱਥੇ ਅਕਸਰ ਹੀ ਬਾਰਾ ਸਿੰਘੇ, ਨੀਲ ਗਾਵਾਂ ਅਤੇ ਸਾਂਭਰ ਆਦੀ ਜੰਗਲੀ ਜੀਵ ਪਾਣੀ ਦੀ ਤਲਾਸ਼ ਵਿਚ ਸੜਕਾਂ ’ਤੇ ਆ ਜਾਂਦੇ ਹਨ ਅਤੇ ਕਈ ਵਾਰ ਰਿਹਾਇਸ਼ੀ ਇਲਾਕਿਆਂ ਵਿਚ ਵੀ ਵੜ ਜਾਂਦੇ ਹਨ। ਇਹਨਾਂ ਜੰਗਲੀ ਜੀਵਾਂ ਕਾਰਨ ਕਈ ਵਾਰ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ। ਸਰਦੀਆਂ ਦੇ ਦਿਨਾਂ ਵਿੱਚ ਕਈ ਸ਼ਿਕਾਰੀ ਵੀ ਘੁੰਮਦੇ ਰਹਿੰਦੇ ਹਨ ਜੋ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲੀ ਜੀਵ ਵਿਭਾਗ ਨੂੰ ਕਈ ਵਾਰ ਫੋਨ ਕੀਤੇ ਗਏ ਪਰ ਵਾਰ ਵਾਰ ਫੋਨ ਕਰਨ ’ਤੇ ਉਹ ਕਈ ਘੰਟੇ ਲੇਟ ਆਏ, ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਉਹ ਸਾਂਭਰ ਦੀ ਰੱਖਿਆ ਨਾ ਕਰਦੇ ਤਾਂ ਇਕੱਠੇ ਹੋਏ ਕੁੱਤਿਆਂ ਵੱਲੋਂ ਉਸ ਨੂੰ ਮਾਰ ਦੇਣਾ ਸੀ ਪਰ ਹੁਣ ਉਹਨਾਂ ਨੂੰ ਜਦੋਂ ਤੱਕ ਜੰਗਲੀ ਜੀਵ ਵਿਭਾਗ ਦੇ ਕਰਮਚਾਰੀ ਨਹੀਂ ਪਹੁੰਚਦੇ ਇਸ ਦੀ ਰਾਖੀ ਕਰਨੀ ਪੈ ਰਹੀ ਹੈ।