ਗਰਾਂ ਮੋੜਾ ਟੋਲ ਪਲਾਜਾ 'ਤੇ ਹੰਗਾਮਾ: ਲੋਕਲ ਕਰਮਚਾਰੀਆਂ ਨੇ ਕੰਮ ਛੱਡ ਕੇ ਲਾਇਆ ਧਰਨਾ, ਪ੍ਰਬੰਧਕਾਂ 'ਤੇ ਧੱਕੇਸ਼ਾਹੀ ਦੇ ਇਲਜ਼ਾਮ
ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਟੋਲ ਪਲਾਜ਼ਾ ਗਰਾਂ ਮੋੜਾ ਹਮੇਸ਼ਾ ਵਿਵਾਦਾਂ ’ਚ ਰਹਿੰਦਾ ਹੈ। ਪਹਿਲਾਂ ਵੀ ਕਈ ਵਾਰ ਟੋਲ ਪ੍ਰਬੰਧਕਾਂ ਵੱਲੋਂ ਟਰੱਕ ਡਰਾਈਵਰਾਂ ਅਤੇ ਹੋਰ ਵਾਹਨ ਚਾਲਕਾਂ ਦੀ ਕੁੱਟਮਾਰ ਅਤੇ ਧੱਕੇਸ਼ਾਹੀ ਕਰਨ ਸਬੰਧੀ ਗਰਾਂ ਮੋੜਾ ਟੋਲ ਪਲਾਜ਼ਾ ਸੁਰਖੀਆਂ ’ਚ ਰਿਹਾ ਹੈ ਪਰ ਅੱਜ ਟੋਲ ਪਲਾਜ਼ਾ ’ਤੇ ਕੰਮ ਕਰਦੇ ਲੋਕਲ ਕਰਮਚਾਰੀਆਂ ਵੱਲੋਂ ਟੋਲ ਪ੍ਰਬੰਧਕਾਂ ’ਤੇ ਗਾਲੀ ਗਲੋਚ ਵਿੱਤਕਰਾ ਕੁੱਟਮਾਰ ਅਤੇ ਦੁਰਵਿਵਹਾਰ ਕਰਕੇ ਇਕ ਨੌਜਵਾਨ ਨੂੰ ਨੌਕਰੀ ਤੋਂ ਕੱਢਣ ਦੇ ਇਲਜ਼ਾਮ ਲੱਗੇ ਹਨ।
Publish Date: Thu, 04 Jun 2026 03:15 PM (IST)
Updated Date: Thu, 04 Jun 2026 03:20 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਟੋਲ ਪਲਾਜ਼ਾ ਗਰਾਂ ਮੋੜਾ ਹਮੇਸ਼ਾ ਵਿਵਾਦਾਂ ’ਚ ਰਹਿੰਦਾ ਹੈ। ਪਹਿਲਾਂ ਵੀ ਕਈ ਵਾਰ ਟੋਲ ਪ੍ਰਬੰਧਕਾਂ ਵੱਲੋਂ ਟਰੱਕ ਡਰਾਈਵਰਾਂ ਅਤੇ ਹੋਰ ਵਾਹਨ ਚਾਲਕਾਂ ਦੀ ਕੁੱਟਮਾਰ ਅਤੇ ਧੱਕੇਸ਼ਾਹੀ ਕਰਨ ਸਬੰਧੀ ਗਰਾਂ ਮੋੜਾ ਟੋਲ ਪਲਾਜ਼ਾ ਸੁਰਖੀਆਂ ’ਚ ਰਿਹਾ ਹੈ ਪਰ ਅੱਜ ਟੋਲ ਪਲਾਜ਼ਾ ’ਤੇ ਕੰਮ ਕਰਦੇ ਲੋਕਲ ਕਰਮਚਾਰੀਆਂ ਵੱਲੋਂ ਟੋਲ ਪ੍ਰਬੰਧਕਾਂ ’ਤੇ ਗਾਲੀ ਗਲੋਚ ਵਿੱਤਕਰਾ ਕੁੱਟਮਾਰ ਅਤੇ ਦੁਰਵਿਵਹਾਰ ਕਰਕੇ ਇਕ ਨੌਜਵਾਨ ਨੂੰ ਨੌਕਰੀ ਤੋਂ ਕੱਢਣ ਦੇ ਇਲਜ਼ਾਮ ਲੱਗੇ ਹਨ।
ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੇ ਲੋਕਲ ਨੌਜਵਾਨ ਮੁੰਡੇ ਕੁੜੀਆਂ ਵਲੋਂ ਟੋਲ ਪ੍ਰਬੰਧਕਾਂ ’ਤੇ ਦੋਸ਼ ਲਗਾਇਆ ਗਿਆ ਹੈ ਕਿ ਬੀਤੀ ਰਾਤ ਨਜ਼ਦੀਕੀ ਪਿੰਡ ਦਬੂੜ ਦੇ ਨੌਜਵਾਨ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਉਸ ਨੂੰ ਜਲੀਲ ਕਰਕੇ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਦੇ ਸਮਰਥਨ ’ਚ ਸਾਰੇ ਲੋਕਲ ਕਰਮਚਾਰੀਆਂ ਨੇ ਕੰਮ ਛੱਡ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਤੋਂ ਰੱਖੇ ਹੋਏ ਵੱਡੇ ਕਰਮਚਾਰੀ ਲੋਕਲ ਕਰਮਚਾਰੀਆਂ ਨਾਲ ਦੁਰਵਿਹਾਰ ਕਰਦੇ ਹਨ ਅਤੇ ਬਿਨਾਂ ਦੋਸ਼ ਤੋਂ ਕੰਮ ਕਰ ਰਹੇ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਸਬੰਧੀ ਨਜ਼ਦੀਕੀ ਪਿੰਡ ਦੇ ਮੋਹਤਬਰ ਅਤੇ ਪੰਚਾਇਤਾਂ ਸਮੇਤ ਟਰੱਕ ਯੂਨੀਅਨ ਮੱਸੇਵਾਲ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ ਟੋਲ ਪਲਾਜ਼ਾ ’ਤੇ ਪਹੁੰਚੇ ਅਤੇ ਸੜਕ ਵਿਚਕਾਰ ਕਰਮਚਾਰੀਆਂ ਨਾਲ ਧਰਨੇ ’ਤੇ ਬੈਠ ਗਏ। ਇਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀ ਅਧਿਕਾਰੀ ਮੁਆਫ਼ੀ ਮੰਗ ਕੇ ਉਕਤ ਨੌਜਵਾਨ ਨੂੰ ਦੁਬਾਰਾ ਨੌਕਰੀ ਤੋਂ ਨਹੀਂ ਰੱਖਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੀਮਤੀ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ, ਜਿਸ ’ਤੇ ਸੜਕ ਬਣੀ ਅਤੇ ਟੋਲ ਪਲਾਜ਼ਾ ਲੱਗਿਆ, ਇੱਥੇ ਕੰਮ ਕਰਨ ਦਾ ਅਧਿਕਾਰ ਲੋਕਲ ਪਿੰਡਾਂ ਦੇ ਨੌਜਵਾਨਾ ਦਾ ਹੈ ਪਰ ਦੂਜੇ ਸੂਬਿਆਂ ਤੋਂ ਆਏ ਉਹ ਅਧਿਕਾਰੀ ਲੋਕ ਵਿਅਕਤੀਆਂ ਨਾਲ ਵਿਤਕਰਾ ਕਰਦੇ ਹਨ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਧਰ ਟੋਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਬੀਤੀ ਰਾਤ ਉਕਤ ਨੌਜਵਾਨ ਨੇ ਕੰਪਨੀ ਦੇ ਅਕਾਊਂਟੈਂਟ ਨਾਲ ਕੁੱਟਮਾਰ ਕੀਤੀ ਹੈ ਜਿਸ ਸਬੰਧੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇਗੀ ਜਿਸ ਸਬੰਧੀ ਉਹ ਅਧਿਕਾਰੀ ਫੈਸਲਾ ਲੈਣਗੇ। ਇਸ ਦੌਰਾਨ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ।