ਖਾਲਸਾ ਸਕੂਲ ਦਾ ਸਲਾਨਾ ਸਮਾਰੋਹ ਅੱਜ ਹੋਵੇਗਾ
ਅੱਜ ਹੋਵੇਗਾ ਖਾਲਸਾ ਸਕੂਲ ਦਾ ਸਲਾਨਾ ਸਮਾਰੋਹ
Publish Date: Mon, 09 Feb 2026 03:47 PM (IST)
Updated Date: Tue, 10 Feb 2026 04:00 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਐੱਸਜੀਐੱਸ ਖਾਲਸਾ ਸੀਨੀਅਰ ਸਕੈਂਡਰੀ ਸਕੂਲ, ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਸਕੂਲ ਦਾ ਸਲਾਨਾ ਦਿਵਸ ਸਮਾਰੋਹ ਅੱਜ 10 ਫਰਵਰੀ ਮੰਗਲਵਾਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸਵੇਰੇ 11 ਵਜੇ ਸਕੂਲ ਦਾ ਸਾਲਾਨਾ ਸਮਾਗਮ ਵਿਚ ਭਰਪੂਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਸ ਸਮਾਰੋਹ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਲਾਨਾ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀ ਆਈ ਜੀ ਅਤੇ ਭਾਲਾ ਸੁੱਟ ਵਿਚ ਵਿਸ਼ਵ ਚੈਂਪੀਅਨ ਰਹੇ ਦਲਜੀਤ ਸਿੰਘ ਰਾਣਾ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਰੂਪਨਗਰ ਐਥਲੈਟਿਕਸ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੀ ਹਾਜ਼ਰੀ ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਅਨੁਸ਼ਾਸਨ ਪ੍ਰਤੀ ਪ੍ਰੇਰਨਾ ਮਿਲੇਗੀ। ਸਲਾਨਾ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਦੇਸ਼ਭਗਤੀ ਅਤੇ ਸਿੱਖ ਵਿਰਾਸਤ ਨਾਲ ਜੁੜੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਸਮਾਰੋਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਇਹ ਸਮਾਰੋਹ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ। ਸਮਾਰੋਹ ਦੀ ਸਫਲਤਾ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਾਖਰ ਸਿੰਘ , ਮੈਂਬਰ ਇੰਚਾਰਜ ਇੰਦਰਜੀਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਮਹਿੰਦਰ ਸਿੰਘ ਵਾਲੀਆ, ਮੈਂਬਰ ਕੁਲਦੀਪ ਸਿੰਘ ਨੰਬਰਦਾਰ ਅਤੇ ਡਾਇਰੈਕਟਰ ਐਜੂਕੇਸ਼ਨ ਗੁਰਮਿੰਦਰ ਸਿੰਘ ਭੁੱਲਰ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।