ਡੋਡਾ ਬੱਸ ਹਾਦਸੇ 'ਚ ਰੋਪੜ ਦੇ ਪਿੰਡ ਚਨੌਲੀ ਦਾ ਜਵਾਨ ਸ਼ਹੀਦ; CM ਮਾਨ ਨੇ ਜਤਾਇਆ ਦੁੱਖ; ਕਿਹਾ- ਸ਼ਹੀਦ ਜੋਬਨਪ੍ਰੀਤ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਵੇਗੀ ਸਰਕਾਰ
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਦੇਸ਼ ਸੇਵਾ ਵਿੱਚ ਤਾਇਨਾਤ ਜਵਾਨਾਂ ਨਾਲ ਭਰੀ ਇੱਕ ਬੱਸ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਦੁਰਘਟਨਾ ਵਿੱਚ 10 ਬਹਾਦਰ ਜਵਾਨ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਚਨੌਲੀ ਦੇ ਨਿਵਾਸੀ 23 ਸਾਲਾ ਜਵਾਨ ਜੋਬਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਦੁਖਦਾਈ ਪੁਸ਼ਟੀ ਹੋਈ ਹੈ।
Publish Date: Sat, 24 Jan 2026 03:37 PM (IST)
Updated Date: Sat, 24 Jan 2026 03:38 PM (IST)

ਜਾਗਰਣ ਸੰਵਾਦਦਾਤਾ, ਰੋਪੜ: ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਦੇਸ਼ ਸੇਵਾ ਵਿੱਚ ਤਾਇਨਾਤ ਜਵਾਨਾਂ ਨਾਲ ਭਰੀ ਇੱਕ ਬੱਸ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਦੁਰਘਟਨਾ ਵਿੱਚ 10 ਬਹਾਦਰ ਜਵਾਨ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਚਨੌਲੀ ਦੇ ਨਿਵਾਸੀ 23 ਸਾਲਾ ਜਵਾਨ ਜੋਬਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਦੁਖਦਾਈ ਪੁਸ਼ਟੀ ਹੋਈ ਹੈ।
ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉੱਥੇ ਹੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਬੱਸ ਰੋਜ਼ਾਨਾ ਦੀ ਡਿਊਟੀ ਦੌਰਾਨ ਪਹਾੜੀ ਖੇਤਰ ਵਿੱਚੋਂ ਗੁਜ਼ਰ ਰਹੀ ਸੀ। ਤੰਗ ਅਤੇ ਘੁਮਾਅਦਾਰ ਸੜਕ 'ਤੇ ਅਚਾਨਕ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਬੱਸ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਮੁੱਖ ਮੰਤਰੀ ਮਾਨ ਨੇ ਪੋਸਟ ਪਾ ਕੇ ਪ੍ਰਗਟਾਇਆ ਦੁੱਖ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਲਿਖਿਆ: "ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਜਵਾਨਾਂ ਨਾਲ ਭਰੀ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ 10 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਸ਼ਹੀਦਾਂ ਵਿੱਚ ਜ਼ਿਲ੍ਹਾ ਰੋਪੜ ਦੇ ਪਿੰਡ ਚਨੌਲੀ ਦੇ 23 ਸਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ਦੇਸ਼ ਪ੍ਰਤੀ ਸ਼ਹੀਦ ਜਵਾਨ ਦੇ ਸਾਹਸ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਇਸ ਮੁਸ਼ਕਲ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਪਰਿਵਾਰ ਅਤੇ ਪਿੰਡ ਵਿੱਚ ਛਾਇਆ ਮਾਤਮ
ਸ਼ਹੀਦ ਜੋਬਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਮਿਲੀ, ਘਰ ਵਿੱਚ ਮਾਤਮ ਛਾ ਗਿਆ। ਮਾਪਿਆਂ ਅਤੇ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜੋਬਨਪ੍ਰੀਤ ਸਿੰਘ ਨੂੰ ਇੱਕ ਮਿਹਨਤੀ ਅਤੇ ਦੇਸ਼ ਭਗਤ ਨੌਜਵਾਨ ਵਜੋਂ ਜਾਣਿਆ ਜਾਂਦਾ ਸੀ। ਛੋਟੀ ਉਮਰ ਵਿੱਚ ਦੇਸ਼ ਸੇਵਾ ਦਾ ਸੁਪਨਾ ਲੈ ਕੇ ਫੌਜ ਵਿੱਚ ਭਰਤੀ ਹੋਏ ਜੋਬਨਪ੍ਰੀਤ 'ਤੇ ਪੂਰੇ ਪਿੰਡ ਨੂੰ ਮਾਣ ਸੀ। ਇਲਾਕੇ ਦੀਆਂ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਨੇ ਵੀ ਜਵਾਨ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।