3 ਮਾਰਚ ਨੂੰ ਹੋਵੇਗਾ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ
ਗੁਰੂ ਨਗਰੀ ਚ 3 ਮਾਰਚ ਨੂੰ ਹੋਵੇਗਾ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ
Publish Date: Wed, 25 Feb 2026 04:14 PM (IST)
Updated Date: Wed, 25 Feb 2026 04:16 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ
ਸ੍ਰੀ ਅਨੰਦਪੁਰ ਸਾਹਿਬ : ਖਾਲਸਾ ਪੰਥ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ 3 ਮਾਰਚ 2026 ਨੂੰ ਇਕ ਵਿਲੱਖਣ ਖੇਡ ਇਤਿਹਾਸ ਦੀ ਗਵਾਹ ਬਣੇਗੀ, ਜਦੋਂ ਚਰਨ ਗੰਗਾ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ ਕਰਵਾਇਆ ਜਾਵੇਗਾ। ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਮਹੱਤਵਪੂਰਨ ਸਮਾਗਮ ਦੀ ਅਗਵਾਈ ਸੰਸਥਾ ਦੇ ਮੁਖੀ ਸੋਢੀ ਵਿਕਰਮ ਸਿੰਘ ਕਰ ਰਹੇ ਹਨ। ਮੁਲਾਕਾਤ ਦੌਰਾਨ ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ 3 ਮਾਰਚ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ ਪੰਜਾਬ ਦੀ ਟੀਮ ਦਾ ਮੁਕਾਬਲਾ ਅਮਰੀਕਾ ਦੀ ਟੀਮ ਨਾਲ ਹੋਵੇਗਾ। ਸ਼੍ਰੀ ਅਨੰਦਪੁਰ ਸਾਹਿਬ ਵਰਗੇ ਇਤਿਹਾਸਕ ਅਤੇ ਧਾਰਮਿਕ ਕੇਂਦਰ ਵਿੱਚ ਇਸ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਦਾ ਪੋਲੋ ਮੁਕਾਬਲਾ ਵੱਡੇ ਪੱਧਰ ਤੇ ਹੋ ਰਿਹਾ ਹੈ, ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੋਲੋ ਖੇਡ ਦਾ ਸਿੱਖ ਇਤਿਹਾਸ ਨਾਲ ਡੂੰਘਾ ਨਾਤਾ ਰਿਹਾ ਹੈ। ਘੁੜਸਵਾਰੀ ਅਤੇ ਯੋਧਾ ਪਰੰਪਰਾ ਖਾਲਸਾ ਪੰਥ ਦੀ ਪਹਿਚਾਣ ਰਹੀ ਹੈ। ਇਸ ਟੂਰਨਾਮੈਂਟ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਅਤੇ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ੀ ਟੀਮ ਦੀ ਭਾਗੀਦਾਰੀ ਨਾਲ ਇਸ ਸਮਾਗਮ ਨੂੰ ਵਿਸ਼ਵ ਪੱਧਰ ਦੀ ਪਹਿਚਾਣ ਮਿਲੇਗੀ ਅਤੇ ਪੰਜਾਬ ਦੀ ਧਰਤੀ ਤੇ ਅੰਤਰਰਾਸ਼ਟਰੀ ਖੇਡ ਸਾਂਝ ਦਾ ਸੁਨੇਹਾ ਜਾਵੇਗਾ।
ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧਾਉਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਵਿਸ਼ੇਸ਼ ਸੁਵਿਧਾਵਾਂ ਯਕੀਨੀ ਬਣਾਈਆਂ ਜਾਣਗੀਆਂ। ਟੂਰਨਾਮੈਂਟ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਸਥਾਨਕ ਵਪਾਰੀਆਂ ਅਤੇ ਹੋਟਲ ਉਦਯੋਗ ਨੂੰ ਵੀ ਇਸ ਅੰਤਰਰਾਸ਼ਟਰੀ ਖੇਡ ਸਮਾਗਮ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਮਾਰਚ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਪੁਰਾਤਨ ਮਹੱਲਾ ਵੀ ਮਨਾਇਆ ਜਾਵੇਗਾ। ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਜਾ ਰਿਹਾ ਇਹ ਮੁਕਾਬਲਾ ਖੇਡਾਂ ਅਤੇ ਵਿਰਾਸਤ ਦੇ ਸੁੰਦਰ ਮਿਲਾਪ ਵਜੋਂ ਯਾਦਗਾਰ ਸਾਬਤ ਹੋਵੇਗਾ।