ਜੇਕਰ ਸੜਕ ਦਾ ਕੰਮ 12 ਸਾਲ ਸ਼ੁਰੂ ਨਹੀਂ ਹੋਇਆ ਤਾਂ ਉਸਦੇ ਲਈ ਕੌਣ ਜ਼ਿੰਮੇਵਾਰ : ਬੈਂਸ
ਜੇਕਰ ਸੜਕ ਦਾ ਕੰਮ 12 ਸਾਲ ਸ਼ੁਰੂ ਨਹੀਂ ਹੋਇਆ ਤਾਂ ਉਸਦੇ ਲਈ ਕੌਣ ਜਿੰਮੇਵਾਰ: ਹਰਜੋਤ ਸਿੰਘ ਬੈਂਸ
Publish Date: Sun, 08 Feb 2026 05:54 PM (IST)
Updated Date: Mon, 09 Feb 2026 04:06 AM (IST)

ਚੱਕ ਲਓ, ਰੱਖ ਲਓ ਉਹਦੀ ਰਾਜਨੀਤੀ ਕਰਨ ਵਾਲੇ ਇੱਕ ਵਾਰੀ ਫਿਰ ਲੋਕਾਂ ਨੂੰ ਭੜਕਾ ਰਹੇ ਹਨ ਪਿਛਲੇ ਕਈ ਸਾਲਾਂ ਤੋਂ ਉਜੜ ਰਹੇ ਨੰਗਲ ਵਿਚ ਫਿਰ ਮੇਲੇ ਲੱਗਣੇ ਹੋਏ ਸ਼ੁਰੂ: ਬੈਂਸ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਜੇਕਰ ਸ੍ਰੀ ਅਨੰਦਪੁਰ ਸਾਹਿਬ ਨੰਗਲ ਸੜਕ ਨੂੰ ਚਹੁੰ ਮਾਰਗੀ ਕਰਨ ਦਾ ਕੰਮ 2014 ਵਿਚ ਪਾਸ ਹੋ ਗਿਆ ਸੀ ਤਾਂ ਹੁਣ ਤੱਕ ਸ਼ੁਰੂ ਕਿਉਂ ਨਹੀਂ ਹੋਇਆ ਅਤੇ ਇਸ ਦੇ ਲਈ ਕੌਣ ਜਿੰਮੇਵਾਰ ਹੈ, ਕੀ ਕੋਈ ਇਸ ਦੀ ਜਿੰਮੇਵਾਰੀ ਲਏਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਰਹਿ ਚੁੱਕੇ ਵਿਧਾਇਕ ਦਾ ਧਿਆਨ ਵਿਕਾਸ ਕਰਵਾਉਣ ਵਿਚ ਨਹੀਂ ਸਗੋਂ ਲੋਕਾਂ ਨੂੰ ਚੱਕ ਲਓ, ਰੱਖ ਲਓ ਦੀ ਰਾਜਨੀਤੀ ਵਿਚ ਹੀ ਰਿਹਾ ਹੈ ਅਤੇ ਲੁੱਟ ਦਾ ਆਲਮ ਰਿਹਾ ਹੈ, ਇਸੇ ਕਾਰਨ ਹੀ ਇਹ ਸੜਕ ਫੋਰ ਲੇਨ ਨਹੀਂ ਹੋ ਸਕੀ ਅਤੇ ਕਈ ਨੌਜਵਾਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਸ ਕੰਮ ਨੂੰ ਕਰਵਾਉਣ ਦੇ ਲਈ ਮੇਰੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਧਰਨੇ ਲਾਉਣ ਦੇ ਲਈ ਉਕਸਾਇਆ ਜਾ ਰਿਹਾ ਹੈ। ਜਦੋਂ ਕਿ ਸੜਕ ਦਾ ਡਿਜ਼ਾਇਨ ਮੇਰਾ ਨਹੀਂ ਭਾਰਤ ਸਰਕਾਰ ਦਾ ਹੈ। ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਰਾਣਾ ਕੰਵਰਪਾਲ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਦੱਸਣ ਕੀ ਜੇਕਰ ਇਹ ਸੜਕ ਹਿਮਾਚਲ ਪ੍ਰਦੇਸ਼ ਵਿਚ ਬਣ ਸਕਦੀ ਹੈ ਤਾਂ ਪੰਜਾਬ ਦੀ ਸੜਕ ਨੂੰ ਦੇਰੀ ਕਿਉਂ ਹੋਈ? ਉਹਨਾਂ ਨੇ ਕਿਹਾ ਇਕੱਲੀ ਸੜਕ ਹੀ ਨਹੀਂ ਹਿਮਾਚਲ ਪ੍ਰਦੇਸ਼ ਵੱਲੋਂ ਸਵਾਂ ਨਦੀ ਨੂੰ ਚੈਨਲਾਈਜ ਕਰ ਲਿਆ ਗਿਆ ਹੈ, ਪਰ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਇਸ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਹੁਣ ਲੋਕਾਂ ਵਿਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਬ੍ਰਹਮਪੁਰ, ਭਨੂੰਪਲੀ ਅਤੇ ਢੇਰ ਵਰਗੇ ਖੇਤਰਾਂ ਦੇ ਬਾਜ਼ਾਰ ਉਜੜ ਜਾਣਗੇ। ਬਾਜ਼ਾਰ ਉਜੜਨਗੇ ਨਹੀਂ ਸਗੋਂ ਹੋਰ ਸੁੰਦਰ ਬਣਨਗੇ ਅਤੇ ਇਹ ਬਾਜ਼ਾਰ ਹਿਮਾਚਲ ਦੇ ਮਹਿਤਪੁਰ ਅਤੇ ਊਨਾਂ ਦੇ ਬਾਜ਼ਾਰਾਂ ਨੂੰ ਵੀ ਫੇਲ੍ਹ ਕਰਨਗੇ। 2022 ਤੋਂ ਪਹਿਲਾਂ ਇਲਾਕੇ ਵਿਚ ਕੋਈ ਵਿਕਾਸ ਨਾਮ ਦੀ ਚੀਜ਼ ਨਹੀਂ ਸੀ ਅਤੇ ਅੱਜ ਭਰਤਗੜ ਹਰਿਆਣਾ ਦੇ ਮੂਰਥਲ ਵਾਂਗੂੰ ਚਮਕ ਰਿਹਾ ਹੈ । ਉੱਥੇ ਵੱਡੇ ਵੱਡੇ ਬਰਾਂਡ ਆ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਬੰਧੀ ਭਨੂੰਪਲੀ ਦੇ ਵਿਚ ਵਪਾਰੀਆਂ ਨਾਲ ਮੀਟਿੰਗ ਵੀ ਹੋ ਗਈ ਹੈ ਅਤੇ ਉਹ ਹੁਣ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਣਗੇ। ਉਹਨਾਂ ਨੇ ਰਾਣਾ ਕੇਪੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇੰਨੀ ਨੇੜਤਾ ਸੀ ਤਾਂ ਆਈ.ਆਈ.ਟੀ ਰੋਪੜ ਕਿਵੇਂ ਚਲੀ ਗਈ ਜੇਕਰ ਤੁਹਾਡਾ ਮਨ ਸਾਫ ਹੁੰਦਾ ਤਾਂ ਤੁਸੀਂ ਫਲਾਈ ਓਵਰ ਵੀ ਬਣਾ ਕੇ ਦਿੰਦੇ। ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਫਲਾਈ ਓਵਰ ਨੂੰ ਮੈਂ ਦਿਨ ਰਾਤ ਮਿਹਨਤ ਕਰਕੇ ਚਾਲੂ ਹੀ ਨਹੀਂ ਕਰਵਾਇਆ ਸਗੋਂ ਮੁੜ ਨੰਗਲ ਦੇ ਵਿਚ ਖੁਸ਼ਹਾਲੀ ਪਰਤੀ ਹੈ, ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਜਿਹੜੀਆਂ ਸਾਜਿਸ਼ਾਂ ਵਿਰੋਧੀ ਧਿਰ ਵੱਲੋਂ ਰਚੀਆਂ ਜਾ ਰਹੀਆਂ ਹਨ, ਇਨ੍ਹਾਂ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਹੋ ਰਿਹਾ ਹੈ ਤੇ ਲੋਕ ਵੀ ਸਮਝ ਰਹੇ ਹਨ ਕਿ ਹਰਜੋਤ ਨੇ ਲੋਕਾਂ ਦੇ ਬੱਚਿਆਂ ਨੂੰ ਪੁਲਿਸ ਤੋਂ ਚੁਕਵਾਇਆ ਨਹੀਂ ਸਗੋਂ ਇਲਾਕੇ ਦੇ ਵਿਕਾਸ ਬਾਰੇ ਹੀ ਹਮੇਸ਼ਾ ਸੋਚਿਆ ਹੈ। ਲੋਕਾਂ ਨੂੰ ਪਤਾ ਹੈ ਕਿ ਕੌਣ ਉਹਨਾਂ ਦਾ ਸਾਥੀ ਹੈ ਤੇ ਕੌਣ ਉਹਨਾਂ ਦਾ ਦੁਸ਼ਮਣ ਹੈ। ਇਸ ਮੌਕੇ ਉਹਨਾਂ ਨਾਲ ਸ਼੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਪੰਮੂ ਢਿੱਲੋ, ਅੰਕੁਸ਼ ,ਦਲਜੀਤ ਕਾਕਾ, ਮਨੋਜ ਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।